ਫੈਕਟਰੀ ਦੇ ਗੋਦਾਮ ‘ਚ ਭਿਆਨਕ ਅੱਗ, ਕਈ ਘੰਟਿਆਂ ਮਗਰੋਂ ਪਾਇਆ ਗਿਆ ਕਾਬੂ
Tuesday, Nov 11, 2025 - 01:11 PM (IST)
ਬਠਿੰਡਾ (ਵਿਜੇ ਵਰਮਾ, ਗੋਰਾ ਲਾਲ) : ਜ਼ਿਲ੍ਹੇ ਦੇ ਪਿੰਡ ਜੀਦਾ ਵਿਖੇ ਸਥਿਤ ਸਪੋਰਟਕਿੰਗ ਕੰਪਨੀ ਦੀ ਫੈਕਟਰੀ ਦੇ ਇੱਕ ਗੋਦਾਮ ‘ਚ ਸੋਮਵਾਰ ਸ਼ਾਮ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਜਾਣਕਾਰੀ ਮੁਤਾਬਕ ਘਟਨਾ ਦੇ ਸਮੇਂ ਫੈਕਟਰੀ ਬੰਦ ਸੀ ਅਤੇ ਸਾਰੇ ਕਰਮਚਾਰੀ ਆਪਣੇ ਘਰ ਜਾ ਚੁੱਕੇ ਸਨ, ਜਿਸ ਨਾਲ ਇੱਕ ਵੱਡੀ ਤਰਾਸਦੀ ਟਲ ਗਈ। ਫੈਕਟਰੀ ਦੇ ਜੀ. ਐੱਮ. ਰਾਜਪਾਲ ਨੇ ਦੱਸਿਆ ਕਿ ਸ਼ਾਮ ਕਰੀਬ 6:30 ਵਜੇ ਸਾਨੂੰ ਸੂਚਨਾ ਮਿਲੀ ਕਿ ਗੋਦਾਮ ਨੰਬਰ-8 ‘ਚ ਅੱਗ ਲੱਗ ਗਈ ਹੈ।
ਸੁਚਨਾ ਮਿਲਦੇ ਹੀ ਫੈਕਟਰੀ ਦੀ ਆਪਣੀ ਫਾਇਰ ਬ੍ਰਿਗੇਡ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਨਾਲ ਹੀ ਬਠਿੰਡਾ, ਐਨ. ਐਫ. ਐਲ. ਤੇ ਬਾਜਾਖਾਨਾ ਤੋਂ ਵੀ ਅੱਗ ਬੁਝਾਉਣ ਵਾਲੀਆਂ ਗੱਡੀਆਂ ਬੁਲਾਈਆਂ ਗਈਆਂ। ਕਰੀਬ 100 ਤੋਂ ਵੱਧ ਕਰਮਚਾਰੀਆਂ ਤੇ ਅੱਗ ਬੁਝਾਉਣ ਵਾਲੇ ਕਰਮਚਾਰੀਆਂ ਨੇ ਮਿਲ ਕੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਰਾਜਪਾਲ ਨੇ ਦੱਸਿਆ ਕਿ ਅੱਗ ਇੰਨੀ ਭਿਆਨਕ ਸੀ ਕਿ ਵੇਖਦੇ ਹੀ ਵੇਖਦੇ ਕਾਟਨ ਨਾਲ ਭਰਿਆ ਪੂਰਾ ਗੋਦਾਮ ਅੱਗ ਦੀ ਲਪੇਟ ‘ਚ ਆ ਗਿਆ।
ਉਨ੍ਹਾਂ ਕਿਹਾ ਕਿ ਜਦੋਂ ਕਾਟਨ ‘ਚ ਅੱਗ ਲੱਗਦੀ ਹੈ ਤਾਂ ਉਸ ਤੋਂ ਬਾਅਦ ਬਚਿਆ ਸਮਾਨ ਕਿਸੇ ਕੰਮ ਦਾ ਨਹੀਂ ਰਹਿੰਦਾ। ਜੀ. ਐੱਮ. ਰਾਜਪਾਲ ਮੁਤਾਬਕ ਇਸ ਵੇਲੇ ਨੁਕਸਾਨ ਦਾ ਸਹੀ ਅੰਦਾਜ਼ਾ ਲਗਾਉਣਾ ਸੰਭਵ ਨਹੀਂ। ਉਨ੍ਹਾਂ ਕਿਹਾ ਕਿ ਇਹ ਤਾਂ ਮਲਬੇ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਅਜੇ ਤੱਕ ਇਹ ਸਪਸ਼ੱਟ ਨਹੀਂ ਹੋ ਸਕਿਆ ਕਿ ਅੱਗ ਲੱਗਣ ਦਾ ਕਾਰਨ ਕੀ ਸੀ। ਜੀ.ਐੱਮ. ਰਾਜਪਾਲ ਨੇ ਦੱਸਿਆ ਕਿ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣੋਂ ਬਚਾਅ ਹੋ ਗਿਆ। ਫੈਕਟਰੀ ਬੰਦ ਸੀ ਅਤੇ ਪ੍ਰੋਡਕਸ਼ਨ ਯੂਨਿਟ ਗੋਦਾਮ ਤੋਂ ਕਾਫ਼ੀ ਦੂਰ ਸਥਿਤ ਹੈ, ਜਿੱਥੇ ਕੋਈ ਕਰਮਚਾਰੀ ਮੌਜੂਦ ਨਹੀਂ ਸੀ।
