ਮਮਤਾ ਨੇ ਹੈਲੀਕਾਪਟਰ ਦੇਣ ਤੋਂ ਕੀਤਾ ਇਨਕਾਰ, ਰਾਜਪਾਲ ਨੇ ਸਕੱਤਰ ਨੂੰ ਲਿਖੀ ਚਿੱਠੀ
Thursday, Nov 14, 2019 - 09:04 PM (IST)
ਕੋਲਕਾਤਾ — ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ ਵੀਰਵਾਰ ਨੂੰ ਮਮਤਾ ਸਰਕਾਰ 'ਤੇ ਹੈਲੀਕਾਪਟਰ ਦੀ ਸੁਵਿਧਾ ਨਾਂ ਦੇਣ ਦਾ ਦੋਸ਼ ਲਗਾਇਆ ਹੈ। ਦਰਅਸਲ, ਜਗਦੀਪ ਧਰਖੜ ਨੂੰ 15 ਨਵੰਬਰ ਨੂੰ ਆਯੋਜਿਤ ਹੋਣ ਵਾਲੇ ਇਕ ਪ੍ਰੋਗਰਾਮ 'ਚ ਸ਼ਾਮਲ ਹੋਣਾ ਹੈ ਅਤੇ ਇਸ ਦੇ ਲਈ ਸਰਕਾਰ ਉਨ੍ਹਾਂ ਨੂੰ ਹੈਲੀਕਾਪਟਰ ਨਹੀਂ ਦੇ ਰਹੀ ਹੈ। ਹੁਣ ਰਾਜਪਾਲ ਨੇ ਪੱਛਮੀ ਬੰਗਾਲ ਦੇ ਮੁੱਖ ਸਕੱਤਰ ਤੋਂ ਇਸ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਮੁਰਸ਼ੀਦਾਬਾਦ ਦੇ ਐੱਸ.ਐੱਨ.ਐੱਚ. ਕਾਲਜ ਦੇ ਰਜਤ ਜਯੰਤੀ ਸਮਾਗਮ 'ਚ ਸ਼ਾਮਲ ਹੋਣ ਲਈ ਹੈਲੀਕਾਪਟਰ ਦੀ ਮੰਗ ਕੀਤੀ ਹੈ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮਹਾਰਾਸ਼ਟਰ 'ਚ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਵੱਲੋਂ ਪ੍ਰਦੇਸ਼ 'ਚ ਰਾਸ਼ਟਰਪਤੀ ਸ਼ਾਸਨ ਦੀ ਸਿਫਾਰਿਸ਼ ਕਰਨ ਲਈ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਵੀਰਵਾਰ ਨੂੰ ਕਿਹਾ ਕਿ ਸੰਵਿਧਾਨਕ ਅਹੁੱਦਿਆਂ 'ਤੇ ਬੈਠੇ ਕੁਝ ਲੋਕ ਭਾਜਪਾ ਦੇ ਮੁੱਖ ਪੱਤਰ ਵਾਂਗ ਕੰਮ ਕਰ ਰਹੇ ਹਨ। ਮਮਤਾ ਬੈਨਰਜੀ ਨੇ ਰਾਜਪਾਲ ਨੂੰ ਲੰਬੇ ਹੱਥੀ ਲੈਂਦੇ ਹੋਏ ਕਿਹਾ ਕਿ ਕੁਝ ਵਿਅਕਤੀ ਆਪਣੇ ਕਾਰਜ ਖੇਤਰ ਦੇ ਦਾਇਰੇ ਤੋਂ ਬਾਹਰ ਨਿਕਲ ਕੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ, 'ਉਨ੍ਹਾਂ ਨੂੰ ਕੇਂਦਰ ਸਰਕਾਰ ਦੀ ਥਾਂ ਨਹੀਂ ਲੈਣੀ ਚਾਹੀਦੀ ਹੈ। ਕੇਂਦਰ ਨੂੰ ਯਕੀਨੀ ਤੌਰ 'ਤੇ ਇਸ ਦਾ ਧਿਆਨ ਰੱਖਣਾ ਚਾਹੀਦਾ ਹੈ।'