ਆਫ਼ ਦਿ ਰਿਕਾਰਡ : ਸੁੱਖ ਦਾ ਸਾਹ ਲੈ ਰਹੀ ਹੈ ਮਮਤਾ!
Tuesday, Nov 08, 2022 - 12:41 PM (IST)
ਨਵੀਂ ਦਿੱਲੀ– ਸੀ. ਬੀ. ਆਈ. ਨੇ ਪੱਛਮੀ ਬੰਗਾਲ ਭਰਤੀ ਘੋਟਾਲੇ ’ਚ ਸਾਬਕਾ ਮੰਤਰੀ ਪਾਰਥ ਚੈਟਰਜੀ ਅਤੇ ਕਈ ਹੋਰਨਾਂ ਵਿਰੁੱਧ ਚਾਰਜਸ਼ੀਟ ਦਾਖਲ ਕੀਤੀ ਹੈ। ਚਾਰਜਸ਼ੀਟ ’ਚ 16 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਅਤੇ ਪਾਰਥ ਚੈਟਰਜੀ ਨੂੰ ਘੋਟਾਲੇ ਦਾ ‘ਮਾਸਟਰਮਾਈਂਡ’ ਕਰਾਰ ਦਿੱਤਾ ਹੈ। ਇਸ ਤੋਂ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਵੀ ਚਾਰਜਸ਼ੀਟ ਦਾਖਲ ਕੀਤੀ ਸੀ। ਮਜ਼ੇਦਾਰ ਗੱਲ ਇਹ ਹੈ ਕਿ ਕਿਸੇ ਵੀ ਏਜੰਸੀ ਨੇ ਭਰਤੀ ਘੋਟਾਲੇ ’ਚ ਸੂਬੇ ਦੀ ਉੱਚ ਲੀਡਰਸ਼ਿਪ ਨੂੰ ਨਹੀਂ ਘਸੀਟਿਆ, ਜਿਥੇ 50 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਬਰਾਮਦ ਹੋਈ। ਇਨ੍ਹਾਂ ’ਚੋਂ ਕਿਸੇ ਵੀ ਏਜੰਸੀ ਨੇ ਨਾ ਤਾਂ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਨਾ ਹੀ ਪਾਰਟੀ ਦੇ ਕਿਸੇ ਸੀਨੀਅਰ ਅਹੁਦੇਦਾਰ ਦਾ ਜ਼ਿਕਰ ਕੀਤਾ ਹੈ।
ਇਸ ਤੋਂ ਪਹਿਲਾਂ ਜਾਂਚ ਏਜੰਸੀਆਂ ਸੰਕੇਤ ਦੇ ਰਹੀਆਂ ਸਨ ਕਿ ਇਥੇ ਘੋਟਾਲਾ ਤ੍ਰਿਣਮੂਲ ਕਾਂਗਰਸ ਦੀ ਉੱਚ ਲੀਡਰਸ਼ਿਪ ਨਾਲ ਜੁੜਿਆ ਹੈ ਪਰ ਇਨ੍ਹਾਂ ’ਚੋਂ ਕਿਸੇ ਵੀ ਏਜੰਸੀ ਨੂੰ ਸੀਨੀਅਰਾਂ ਵਿਰੁੱਧ ਕੁਝ ਵੀ ਨਹੀਂ ਮਿਲਿਆ, ਘੱਟ ਤੋਂ ਘੱਟ ਪਹਿਲੀ ਚਾਰਜਸ਼ੀਟ ’ਚ। ਇਸ ਨਵੇਂ ਵਿਕਾਸ ਦੀ ਰੂਪਰੇਖਾ ਆਉਣ ਵਾਲੇ ਮਹੀਨਿਆਂ ’ਚ ਸਾਹਮਣੇ ਆਏਗੀ ਪਰ ਮਮਤਾ ਬੈਨਰਜੀ ਦੀਆਂ ਹਾਲੀਆਂ ਸਿਆਸੀ ਕਾਰਵਾਈਆਂ ਨੂੰ ਦੇਖ ਕੇ ਇਕ ਸੁਰਾਗ ਮਿਲਦਾ ਹੈ। ਉਹ ਨਵੇਂ ਰਾਜਪਾਲ ਗਣੇਸ਼ਨ ਦੇ ਜਨਮਦਿਨ ’ਚ ਸ਼ਾਮਲ ਹੋਣ ਲਈ ਚੇਨਈ ਗਈ ਸੀ। ਇਹ ਅਜੀਬ ਲੱਗਦਾ ਹੈ ਕਿਉਂਕਿ ਉਨ੍ਹਾਂ ਨੇ ਹਮੇਸ਼ਾ ਪ੍ਰਧਾਨ ਮੰਤਰੀ ਦੇ ਸੱਦੇ ’ਤੇ ਦਿੱਲੀ ਜਾਣ ਤੋਂ ਇਨਕਾਰ ਕੀਤਾ ਸੀ। ਹਾਲ ਹੀ ’ਚ ਉਨ੍ਹਾਂ ਨੇ ਆਰ. ਐੱਸ. ਐੱਸ. ਦੀ ਸ਼ਲਾਘਾ ਕੀਤੀ ਪਰ ਭਾਜਪਾ ਦੀ ਨਿੰਦਾ ਕੀਤੀ। ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਪੱਛਮੀ ਬੰਗਾਲ ’ਚ ਕੁਝ ਪੱਕ ਰਿਹਾ ਹੈ ਅਤੇ ਆਉਣ ਵਾਲੇ ਮਹੀਨਿਆਂ ’ਚ ਇਹ ਸਾਹਮਣੇ ਆ ਸਕਦਾ ਹੈ।