ਸਕੂਲ ਵੈਨ ''ਚ ਦੋ ਮਾਸੂਮ ਬੱਚੀਆਂ ਦਾ ਜਿਨਸੀ ਸ਼ੋਸ਼ਣ, ਮੁਲਜ਼ਮ ਡਰਾਈਵਰ ਗ੍ਰਿਫਤਾਰ

Thursday, Oct 03, 2024 - 06:29 PM (IST)

ਪੁਣੇ : ਮਹਾਰਾਸ਼ਟਰ ਦੇ ਪੁਣੇ ਸ਼ਹਿਰ 'ਚ ਦੋ ਛੇ ਸਾਲਾ ਵਿਦਿਆਰਥਣਾਂ ਦੇ ਜਿਨਸੀ ਸ਼ੋਸ਼ਣ ਦਾ ਮਾਮਲਾ ਅਜੇ ਤੱਕ ਸੁਲਝਿਆ ਨਹੀਂ ਹੈ। ਜਿੱਥੇ ਇਸ ਮਾਮਲੇ ਨੂੰ ਲੈ ਕੇ ਲੋਕਾਂ 'ਚ ਗੁੱਸਾ ਹੈ, ਉੱਥੇ ਹੀ ਪੁਲਸ ਨੇ ਇਸ ਮਾਮਲੇ 'ਚ ਕਾਰਵਾਈ ਕਰਦੇ ਹੋਏ ਮੁਲਜ਼ਮ ਸਕੂਲ ਵੈਨ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ। ਹੁਣ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਪੁਣੇ ਪੁਲਸ ਮੁਤਾਬਕ ਇਹ ਘਟਨਾ 30 ਸਤੰਬਰ ਨੂੰ ਵੈਨ 'ਚ ਉਸ ਸਮੇਂ ਵਾਪਰੀ ਜਦੋਂ ਸ਼ਹਿਰ ਦੇ ਵਾਨਵਾੜੀ ਇਲਾਕੇ 'ਚ ਬੱਚੇ ਸਕੂਲ ਤੋਂ ਘਰ ਪਰਤ ਰਹੇ ਸਨ। ਇੱਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੀ ਉਸ ਸਮੇਂ ਵੈਨ 'ਚ ਕੋਈ ਮਹਿਲਾ ਸੇਵਾਦਾਰ ਮੌਜੂਦ ਸੀ ਜਾਂ ਨਹੀਂ?

ਵਾਨਵਾੜੀ ਥਾਣੇ ਦੇ ਅਧਿਕਾਰੀ ਨੇ ਦੱਸਿਆ ਕਿ 45 ਸਾਲਾ ਦੋਸ਼ੀ ਨੇ ਦੋਵਾਂ ਲੜਕੀਆਂ ਦੇ ਗੁਪਤ ਅੰਗਾਂ ਨੂੰ ਛੂਹਿਆ। ਬਾਅਦ 'ਚ ਇੱਕ ਵਿਦਿਆਰਥਣ ਨੇ ਘਟਨਾ ਬਾਰੇ ਆਪਣੀ ਮਾਂ ਨੂੰ ਦੱਸਿਆ, ਜਿਸ ਨੇ ਪੁਲਸ ਨੂੰ ਸੂਚਿਤ ਕੀਤਾ ਅਤੇ ਮਾਮਲਾ ਦਰਜ ਕਰ ਲਿਆ ਗਿਆ।

ਇਸ ਮਾਮਲੇ 'ਚ ਪੁਲਸ ਨੇ ਬੁੱਧਵਾਰ ਨੂੰ ਸ਼ਿਕਾਇਤ ਦਰਜ ਕੀਤੀ ਅਤੇ ਮੁਲਜ਼ਮ ਸੰਜੇ ਰੈਡੀ 'ਤੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 64 ਤੇ 65 (2) ਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਦੋਸ਼ੀ ਸੰਜੇ ਰੈੱਡੀ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਡਿਪਟੀ ਕਮਿਸ਼ਨਰ ਆਫ ਪੁਲਸ (ਜ਼ੋਨ V) ਐੱਸ ਰਾਜਾ ਨੇ ਦੱਸਿਆ ਕਿ ਨਾਬਾਲਗ ਲੜਕੀ ਦੀ ਮਾਂ ਨੇ ਪੁਲਸ ਨਾਲ ਸੰਪਰਕ ਕੀਤਾ, ਜਿਸ ਤੋਂ ਬਾਅਦ ਪੁਲਸ ਨੇ ਕਾਰਵਾਈ ਕੀਤੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਮੁਲਜ਼ਮ ਨੇ ਇਸ ਤੋਂ ਪਹਿਲਾਂ ਵੀ ਕਿਸੇ ਹੋਰ ਵਿਦਿਆਰਥਣ ਨੂੰ ਇਸ ਤਰ੍ਹਾਂ ਦਾ ਸ਼ਿਕਾਰ ਬਣਾਇਆ ਸੀ ਜਾਂ ਨਹੀਂ।

ਇਹ ਪੁੱਛੇ ਜਾਣ ਉੱਤੇ ਕਿ ਕੀ ਵੈਨ ਵਿੱਚ ਕੋਈ ਮਹਿਲਾ ਸੇਵਾਦਾਰ ਮੌਜੂਦ ਸੀ? ਡੀਸੀਪੀ ਨੇ ਕਿਹਾ ਕਿ ਪੁਲਸ ਸਕੂਲ ਸਮੇਤ ਇਸ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਸਕੂਲ ਕੋਲ ਇਸ ਗੱਲ ਦੀ ਵੀ ਜਾਂਚ ਕਰ ਰਹੇ ਹਨ ਕਿ ਗੱਡੀ ਉਨ੍ਹਾਂ ਦੀ ਹੈ ਜਾਂ ਉਨ੍ਹਾਂ ਨੇ ਠੇਕੇ ’ਤੇ ਲਈ ਹੈ। ਮਹਾਰਾਸ਼ਟਰ ਵਿੱਚ ਸਕੂਲੀ ਬੱਸਾਂ ਜਾਂ ਵੈਨਾਂ ਵਿੱਚ ਮਹਿਲਾ ਸੇਵਾਦਾਰਾਂ ਦਾ ਹੋਣਾ ਲਾਜ਼ਮੀ ਹੈ।

ਮਹਾਰਾਸ਼ਟਰ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੂਪਾਲੀ ਚਕਾਂਕਰ ਨੇ ਕਿਹਾ ਕਿ ਉਨ੍ਹਾਂ ਨੇ ਪੁਲਸ ਤੋਂ ਘਟਨਾ ਬਾਰੇ ਵਿਸਥਾਰਤ ਰਿਪੋਰਟ ਮੰਗੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਐੱਨਸੀਪੀ (ਸਪਾ) ਦੀ ਸ਼ਹਿਰੀ ਇਕਾਈ ਦੇ ਪ੍ਰਧਾਨ ਪ੍ਰਸ਼ਾਂਤ ਜਗਤਾਪ ਨੇ ਦੋਸ਼ੀ ਡਰਾਈਵਰ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਦੌਰਾਨ ਵੰਚਿਤ ਬਹੁਜਨ ਅਗਾੜੀ ਦੇ ਮੈਂਬਰਾਂ ਨੇ ਸਕੂਲ ਵੈਨ ਨੂੰ ਜਦੋਂ ਵਾਨਵਾੜੀ ਥਾਣੇ ਲਿਆਂਦਾ ਗਿਆ ਤਾਂ ਉਸ ਦੀ ਭੰਨਤੋੜ ਕੀਤੀ।

ਇਹ ਘਟਨਾ ਬਦਲਾਪੁਰ ਮਾਮਲੇ ਦੇ ਪਿਛੋਕੜ ਵਿਚ ਆਈ ਹੈ, ਜਿਸ ਵਿਚ ਠਾਣੇ ਜ਼ਿਲ੍ਹੇ ਦੇ ਬਦਲਾਪੁਰ ਕਸਬੇ ਵਿਚ ਇਕ ਸਕੂਲ ਦੇ ਟਾਇਲਟ ਵਿਚ ਇਕ ਠੇਕਾ ਸਵੀਪਰ ਦੁਆਰਾ ਦੋ ਚਾਰ ਸਾਲਾਂ ਦੀਆਂ ਵਿਦਿਆਰਥਣਾਂ ਦਾ ਕਥਿਤ ਤੌਰ 'ਤੇ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ, ਜਿਸ ਕਾਰਨ ਭਾਰੀ ਵਿਰੋਧ ਪ੍ਰਦਰਸ਼ਨ ਹੋਇਆ ਸੀ। ਦੋਸ਼ੀ ਅਕਸ਼ੈ ਸ਼ਿੰਦੇ ਨੂੰ ਬਾਅਦ ਵਿਚ ਗ੍ਰਿਫਤਾਰ ਕਰ ਲਿਆ ਗਿਆ। ਪਰ 23 ਸਤੰਬਰ ਨੂੰ ਪੁਲਸ ਨਾਲ ਕਥਿਤ ਗੋਲੀਬਾਰੀ ਵਿਚ ਉਸ ਦੀ ਮੌਤ ਹੋ ਗਈ।


Baljit Singh

Content Editor

Related News