ਮੱਧ ਪ੍ਰਦੇਸ਼ : ਮਹਿਲਾ ਟੀਚਰ ਨੇ ਮੁਨਵਾਏ ਵਾਲ, ਕਿਹਾ- ਰਾਹੁਲ ਗਾਂਧੀ ਨੂੰ ਭੇਜਾਂਗੀ
Thursday, Feb 20, 2020 - 10:39 AM (IST)
ਭੋਪਾਲ— ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ 'ਚ ਅਧਿਆਪਕਾਂ ਨੂੰ ਪੱਕੇ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਅਧਿਆਪਕ ਧਰਨੇ 'ਤੇ ਬੈਠੇ ਹਨ। ਇਸ ਦੌਰਾਨ ਬੁੱਧਵਾਰ ਨੂੰ ਇਕ ਮਹਿਲਾ ਅਧਿਆਪਕ ਨੇ ਆਪਣੀਆਂ ਮੰਗਾਂ ਦੇ ਸਮਰਥਨ 'ਚ ਆਪਣੇ ਵਾਲ ਮੁਨਵਾ ਲਏ। ਪ੍ਰਦਰਸ਼ਨਕਾਰੀ ਸੰਗਠਨ ਦੇ ਇਕ ਅਧਿਕਾਰੀ ਨੇਦੱਸਿਆ ਕਿ ਇਹ ਦੁਖਦਾਈ ਹੈ ਕਿ ਮਹਿਲਾ ਅਧਿਆਪਕ ਨੂੰ ਆਪਣੀਆਂ ਮੰਗਾਂ ਮਨਵਾਉਣ ਲਈ ਆਪਣਾ ਮੁੰਡਨ ਕਰਵਾਉਣਾ ਪਿਆ।
ਰਾਹੁਲ ਗਾਂਧੀ ਨੂੰ ਭੇਜਣਗੇ ਵਾਲ
ਉਨ੍ਹਾਂ ਨੇ ਕਿਹਾ ਕਿ ਅਸੀਂ ਮਹਿਲਾ ਅਧਿਆਪਕ ਦੇ ਵਾਲ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਭੇਜਾਂਗੇ ਤਾਂ ਕਿ ਉਨ੍ਹਾਂ ਨੂੰ ਆਪਣੇ ਕੀਤੇ ਵਾਅਦੇ ਦੀ ਯਾਦ ਆਏ। ਮੁੰਡਨ ਕਰਵਾਉਣ ਵਾਲੀ ਔਰਤ ਦਾ ਨਾਂ ਸ਼ਾਹੀਨ ਖਾਨ ਦੱਸਿਆ ਗਿਆ। ਸ਼ਾਹੀਨ ਨੇ ਕਿਹਾ ਕਿ ਕਾਂਗਰਸ ਨੇਤਾਵਾਂ ਨੇ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਉਹ ਸੱਤਾ 'ਚ ਆਉਣਗੇ ਤਾਂ ਕੱਚੇ ਅਧਿਆਪਕਾਂ ਦੀਆਂ ਮੰਗਾਂ ਨੂੰ ਪੂਰਾ ਕਰਨਗੇ। ਸਾਲ ਭਰ ਇੰਤਜ਼ਾਰ ਕਰਨ ਤੋਂ ਬਾਅਦ ਵੀ ਜਦੋਂ ਸਰਕਾਰ ਨੇ ਆਪਣੀਆਂ ਮੰਗਾਂ 'ਤੇ ਕੋਈ ਧਿਆਨ ਨਹੀਂ ਦਿੱਤਾ, ਉਦੋਂ ਉਨ੍ਹਾਂ ਨੇ ਅੰਦੋਲਨ ਦਾ ਫੈਸਲਾ ਕੀਤਾ। ਅਧਿਆਪਕਾ ਨੇ ਕਿਹਾ ਕਿ ਹੁਣ ਲਿਖਤੀ ਆਰਡਰ ਮਿਲਣ ਤੱਕ ਅਸੀਂ ਇੱਥੋਂ ਨਹੀਂ ਉਠਾਂਗੇ।72 ਦਿਨਾਂ ਤੋਂ ਧਰਨੇ 'ਤੇ ਬੈਠੇ ਹਨ ਟੀਚਰ
ਦੱਸਣਯੋਗ ਹੈ ਕਿ ਅਧਿਆਪਕਾ ਪਿਛਲੇ 72 ਦਿਨਾਂ ਤੋਂ ਇੱਥੇ ਸ਼ਾਹਜਹਾਂਨੀ ਪਾਰਕ 'ਚ ਹੋਰ ਅਧਿਆਪਕਾਂ ਨਾਲ ਪੱਕੇ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਧਰਨੇ 'ਤੇ ਬੈਠੀ ਹੈ। ਆਪਣਾ ਸਿਰ ਮੁੰਡਵਾਉਣ ਤੋਂ ਪਹਿਲਾਂ ਸ਼ਾਹੀਨ ਨੇ ਕਿਹਾ ਕਿ 72 ਦਿਨਾਂ ਦੇ ਧਰਨੇ ਤੋਂ ਬਾਅਦ ਵੀ ਰਾਜ ਸਰਕਾਰ ਨੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਹਨ ਅਤੇ ਨਾ ਹੀ ਸਾਡੇ ਨਾਲ ਗੱਲ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਕੁਝ ਅਧਿਆਪਕ ਖਰਾਬ ਵਿੱਤੀ ਹਾਲਤ ਕਾਰਨ ਖੁਦਕੁਸ਼ੀ ਕਰ ਚੁਕੇ ਹਨ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਅਧਿਆਪਕਾ ਨੇ ਜੋ ਵਾਲ ਮੁੰਡਵਾਏ ਹਨ, ਉਨ੍ਹਾਂ ਨੂੰ ਉਹ ਰਾਹੁਲ ਗਾਂਧੀ ਨੂੰ ਭੇਜਣਗੇ ਤਾਂ ਕਿ ਉਨ੍ਹਾਂ ਨੂੰ ਪਤਾ ਲੱਗੇ ਕਿ ਉਨ੍ਹਾਂ ਦੇ ਦਿੱਤੇ ਵਚਨ ਦੀ ਇੱਥੇ ਪਾਲਣਾ ਨਹੀਂ ਹੋ ਰਹੀ ਹੈ।
ਸ਼ਿਵਰਾਜ ਸਿੰਘ ਚੌਹਾਨ ਨੇ ਕਮਲਨਾਥ ਸਰਕਾਰ 'ਤੇ ਸਾਧਿਆ ਨਿਸ਼ਾਨਾ
ਮਹਿਲਾ ਅਧਿਆਪਕ ਵਲੋਂ ਮੁੰਡਨ ਕਰਵਾਏ ਜਾਣ ਦੀ ਘਟਨਾ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪ੍ਰਦੇਸ਼ ਦੀ ਕਮਲਨਾਥ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਕਿ ਅੱਜ ਵੀ ਵਾਲ ਨਾਰੀ ਦੇ ਸਨਮਾਨ ਦੇ ਪ੍ਰਤੀਕ ਹੈ। ਅਧਿਆਪਕ ਭੈਣਾਂ ਨੇ ਆਪਣੀ ਸੁੱਤੀ ਹੋਈ ਸਰਕਾਰ ਨੂੰ ਨੀਂਦ 'ਚੋਂ ਜਗਾਉਣ ਲਈ ਆਪਣੇ ਵਾਲ ਤਿਆਗੇ। ਕੀ ਅੱਜ ਉਨ੍ਹਾਂ ਨੂੰ ਉਨ੍ਹਾਂ ਦੇ ਦਰਦ ਦਾ ਅੰਦਾਜ਼ਾ ਹੈ? ਉਨ੍ਹਾਂ ਨੇ ਸਵਾਲ ਚੁੱਕਿਆ ਕਿ ਕੀ ਉਹ (ਕਮਲਨਾਥ) ਅਧਿਆਪਕਾਂ ਦੀ ਭਲਾਈ ਕੋਈ ਕਦਮ ਚੁੱਕਣਗੇ?