ਭੈਣ ਭਰਾ ਦੱਸ ਕਿਰਾਏ 'ਤੇ ਲਿਆ ਕਮਰਾ, ਜਦੋਂ ਅੰਦਰ ਜਾ ਕੇ ਵੇਖਿਆ ਤਾਂ ਖੁੱਲ੍ਹੀਆਂ ਰਹਿ ਗਈਆਂ ਅੱਖਾਂ
Friday, Nov 08, 2024 - 05:18 PM (IST)
ਨੈਸ਼ਨਲ ਡੈਸਕ : ਮੱਧ ਪ੍ਰਦੇਸ਼ ਦੇ ਬੈਤੂਲ 'ਚ ਅੱਜ ਕਿਰਾਏ ਦੇ ਕਮਰੇ 'ਚੋਂ ਇਕ ਨੌਜਵਾਨ ਅਤੇ ਇਕ ਲੜਕੀ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਤਿੰਨ ਮਹੀਨੇ ਤੋਂ ਭਰਾ-ਭੈਣ ਹੋਣ ਦਾ ਬਹਾਨਾ ਲਗਾ ਕੇ ਕਿਰਾਏ ਦੇ ਕਮਰੇ 'ਚ ਰਹਿ ਰਹੇ ਨੌਜਵਾਨ ਅਤੇ ਲੜਕੀ ਦੀ ਲਾਸ਼ ਕਮਰੇ ਦੇ ਅੰਦਰੋਂ ਮਿਲੀ। ਜਦੋਂ ਸਵੇਰੇ ਦੋਵੇਂ ਕਮਰੇ ਤੋਂ ਬਾਹਰ ਨਹੀਂ ਆਏ ਤਾਂ ਦੂਜੇ ਕਿਰਾਏਦਾਰ ਨੇ ਖਿੜਕੀ ਰਾਹੀਂ ਕਮਰੇ 'ਚ ਝਾਕਿਆ ਤਾਂ ਉਹ ਹੈਰਾਨ ਰਹਿ ਗਿਆ।
ਖੁਦਕੁਸ਼ੀ ਤੇ ਕਤਲ ਦੋਵਾਂ ਪਹਿਲੂਆਂ ਤੋਂ ਹੋ ਰਹੀ ਜਾਂਚ
ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਦਾ ਕਹਿਣਾ ਹੈ ਕਿ ਉਹ ਖੁਦਕੁਸ਼ੀ ਅਤੇ ਕਤਲ ਦੋਵਾਂ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰੇਗੀ। ਹੁਣ ਇਸ ਮਾਮਲੇ 'ਤੇ ਐਡੀਸ਼ਨਲ ਡੀਸੀਪੀ ਮਹਾਵੀਰ ਮੁਜਾਲਦੇ ਨੇ ਇਕ ਬਿਆਨ 'ਚ ਕਿਹਾ ਹੈ ਕਿ ਮਕਾਨ ਮਾਲਕ ਨੇ ਨੌਜਵਾਨ ਅਤੇ ਲੜਕੀ ਦੇ ਫਾਹਾ ਲੈਣ ਦੀ ਸੂਚਨਾ ਪੁਲਸ ਨੂੰ ਦਿੱਤੀ ਸੀ। ਉਸ ਨੇ ਦੱਸਿਆ ਕਿ ਨੌਜਵਾਨ ਕਮਰੇ 'ਚ ਲਟਕਦਾ ਹੋਇਆ ਮਿਲਿਆ ਅਤੇ ਲੜਕੀ ਜ਼ਮੀਨ 'ਤੇ ਪਈ ਸੀ।
3 ਮਹੀਨਿਆਂ ਤੋਂ ਭਰਾ-ਭੈਣ ਵਾਂਗ ਰਹਿ ਰਹੇ ਇਕੱਠੇ
ਦੱਸ ਦੇਈਏ ਕਿ ਇਹ ਮਾਮਲਾ ਅਯੁੱਧਿਆ ਨਗਰ ਥਾਣਾ ਖੇਤਰ ਦਾ ਹੈ, ਜਿੱਥੇ ਨੌਜਵਾਨ ਅਤੇ ਲੜਕੀ ਪਿਛਲੇ ਤਿੰਨ ਮਹੀਨਿਆਂ ਤੋਂ ਆਪਣੇ ਆਪ ਨੂੰ ਭਰਾ-ਭੈਣ ਦੱਸ ਕੇ ਰਹਿ ਰਹੇ ਸਨ। ਪੁਲਸ ਦਾ ਕਹਿਣਾ ਹੈ ਕਿ ਦੋਵੇਂ ਭੈਣ-ਭਰਾ ਨਹੀਂ ਸਨ, ਸਗੋਂ ਲਿਵ-ਇਨ ਰਿਲੇਸ਼ਨਸ਼ਿਪ 'ਚ ਸਨ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਅਤੇ ਲੜਕੀ ਦੋਵਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਮੌਤ ਦੇ ਕਾਰਨਾਂ ਦਾ ਖੁਲਾਸਾ ਹੋਵੇਗਾ।
ਪੁਲਸ ਅਨੁਸਾਰ ਪਹਿਲੀ ਨਜ਼ਰੇ ਇਹ ਜਾਪਦਾ ਹੈ ਕਿ ਨੌਜਵਾਨ ਨੇ ਖੁਦਕੁਸ਼ੀ ਕੀਤੀ ਹੈ ਪਰ ਲੜਕੀ ਦੀ ਮੌਤ ਦਾ ਵੇਰਵਾ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ। ਪੁਲਸ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਲੜਕੀ ਨੇ ਫਾਹਾ ਲੈ ਲਿਆ ਹੋਵੇ ਜਾਂ ਨੌਜਵਾਨ ਨੇ ਪਹਿਲਾਂ ਉਸ ਦਾ ਕਤਲ ਕੀਤਾ ਅਤੇ ਫਿਰ ਖੁਦਕੁਸ਼ੀ ਕਰ ਲਈ ਹੋਵੇ।
ਇਸ ਮੌਕੇ ਵਧੀਕ ਡੀ.ਸੀ.ਪੀ. ਨੇ ਕਿਹਾ ਕਿ ਮਕਾਨ ਮਾਲਕ ਕਿਰਾਏਦਾਰਾਂ ਦੀ ਤਸਦੀਕ ਜ਼ਰੂਰ ਕਰਨ ਅਤੇ ਸੂਚਨਾ ਸਾਨੂੰ ਵੀ ਭੇਜਣ ਕਿਉਂਕਿ ਪੁਲਸ ਵੈਰੀਫਿਕੇਸ਼ਨ ਦੀ ਸਹੂਲਤ ਵੀ ਆਨਲਾਈਨ ਉਪਲਬਧ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਦੋਵਾਂ ਦੇ ਮੋਬਾਈਲ ਵੀ ਜ਼ਬਤ ਕਰ ਲਏ ਹਨ, ਜਿਸ ਰਾਹੀਂ ਨੌਜਵਾਨ ਅਤੇ ਲੜਕੀ ਵੱਲੋਂ ਖੁਦਕੁਸ਼ੀ ਜਾਂ ਕਤਲ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਸਕਦਾ ਹੈ।