ਸਪੀਕਰ ’ਤੇ ਬਹਿਸ ਪਰ ਵੋਟਿੰਗ ’ਤੇ ਸ਼ੱਕ! ਬਾਹਰ ਬੰਦੂਕਾਂ, ਪਾਰਲੀਮੈਂਟ ਦੇ ਅੰਦਰ ਖੇਡ
Saturday, Mar 07, 2026 - 11:58 PM (IST)
ਨੈਸ਼ਨਲ ਡੈਸਕ- ਦੁਨੀਆ ਭਾਵੇਂ ਜੰਗ ਦਾ ਸਾਹਮਣ ਕਰ ਰਹੀ ਹੋਵੇ ਪਰ ਇੰਡੀਅਨ ਪਾਰਲੀਮੈਂਟ ਲਈ ਇਹ ਹਮੇਸ਼ਾ ਵਰਗਾ ਕੰਮ ਹੋ ਸਕਦਾ ਹੈ ਜਦੋਂ 9 ਮਾਰਚ ਨੂੰ ਬਜਟ ਸੈਸ਼ਨ ਦਾ ਦੂਜਾ ਪੜਾਅ ਇਕ ਪਾਲੀਟਿਕਲ ਬਹਿਸ ਦੇ ਨਾਲ ਸ਼ੁਰੂ ਹੋਵੇਗਾ।
ਲੋਕ ਸਭਾ ਸਪੀਕਰ ਓਮ ਬਿਰਲਾ ਖਿਲਾਫ ਨੋ ਕਾਨਫੀਡੈਂਸ ਮੋਸ਼ਨ : ਹਾਲਾਂਕਿ ਮੋਸ਼ਨ ਦਾ ਫੇਲ ਹੋਣਾ ਲਗਭਗ ਤੈਅ ਹੈ ਪਰ ਅਸਲੀ ਕਹਾਣੀ ਵਿਰੋਧੀ ਧਿਰ ਦੇ ਅੰਦਰੂਨੀ ਮਤਭੇਦਾਂ ਵਿਚ ਹੈ। ਇਸ ਕਦਮ ਨੇ ਡੂੰਘੀ ਫੁੱਟ ਨੂੰ ਸਾਹਮਣੇ ਲਿਆ ਦਿੱਤਾ ਹੈ। ਤ੍ਰਿਣਮੂਲ ਕਾਂਗਰਸ ਨੇ ਕਾਂਗਰਸ ਨਾਲ ਸੁਰ ਵਿਚ ਸੁਰ ਮਿਲਾਉਣ ਤੋਂ ਇਨਕਾਰ ਕਰ ਦਿੱਤਾ ਹੈ, ਇਹ ਦਲੀਲ ਦਿੰਦੇ ਹੋਏ ਕਿ ਸਪੀਕਰ ਨੂੰ ਹੋਰ ਸਮਾਂ ਦਿੱਤਾ ਜਾਣਾ ਚਾਹੀਦਾ ਸੀ। ਸਮਾਜਵਾਦੀ ਪਾਰਟੀ ਦੇ ਅੰਦਰ ਵੀ ਕੁਝ ਸਮੱਸਿਆਵਾਂ ਸਨ, ਹਾਲਾਂਕਿ ਉਸ ਦੇ ਸੰਸਦ ਮੈਂਬਰਾਂ ਨੇ ਸਾਈਨ ਕਰ ਦਿੱਤੇ ਹਨ। ‘ਆਪ’ ਆਪਣਾ ਹੀ ਰਾਗ ਅਲਾਪ ਰਹੀ ਹੈ।
ਗਿਣਤੀ ਆਰਾਮ ਨਾਲ ਸਰਕਾਰ ਦੇ ਪੱਖ ਵਿਚ ਹੈ। ਐੱਨ. ਡੀ. ਏ. ਕੋਲ 293, ਜਦੋਂਕਿ ਭਾਜਪਾ ਕੋਲ 240 ਸੀਟਾਂ ਹਨ। ‘ਇੰਡੀਆ’ ਬਲਾਕ ਅਤੇ ਤ੍ਰਿਣਮੂਲ ਨੂੰ ਮਿਲਾ ਕੇ ਕੁੱਲ 233 ਸੀਟਾਂ ਹਨ। ਦੋਵਾਂ ਕੈਂਪਾਂ ਤੋਂ ਬਾਹਰ 17 ਸੰਸਦ ਮੈਂਬਰ ਹਨ, ਜਿਨ੍ਹਾਂ ਵਿਚ ਏ. ਆਈ. ਐੱਮ. ਆਈ. ਐੱਮ., ਬੀ. ਆਰ. ਐੱਸ. ਤੇ ਵਾਈ. ਐੱਸ. ਆਰ. ਕਾਂਗਰਸ ਦੇ ਮੈਂਬਰ ਸ਼ਾਮਲ ਹਨ। ਸਰਕਾਰ ਸਿਰਫ਼ ਆਪਣੇ ਬਹੁਮਤ ’ਤੇ ਨਿਰਭਰ ਰਹਿਣ ਦੀ ਬਜਾਏ ਇਨ੍ਹਾਂ ਛੋਟੇ ਖਿਡਾਰੀਆਂ ਨੂੰ ਸਰਗਰਮੀ ਨਾਲ ਆਪਣੇ ਵੱਲ ਖਿੱਚ ਰਹੀ ਹੈ।
ਹਾਲ ਹੀ ਦੇ ਪਾਲੀਟਿਕਲ ਫੋਰਮ ਵਿਚ ਕਾਂਗਰਸ ਤੇ ਰੀਜਨਲ ਸਾਥੀਆਂ ਵਿਚਕਾਰ ਨਜ਼ਰ ਆ ਰਹੇ ਤਣਾਅ ਤੋਂ ਉਤਸ਼ਾਹਿਤ ਹੋ ਕੇ ਭਾਜਪਾ ਵਿਰੋਧੀ ਧਿਰ ਵਿਚ ਦੂਰੀ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕਾਂਗਰਸ ਨੇ ਆਪਣੇ ‘ਇੰਡੀਆ’ ਬਲਾਕ ਦੇ ਸਾਥੀਆਂ, ਖਾਸ ਤੌਰ ’ਤੇ ਤ੍ਰਿਣਮੂਲ ਅਤੇ ਸ਼ਾਇਦ ਸਪਾ ਤੇ ਸ਼ਿਵ ਸੈਨਾ (ਯੂ. ਬੀ. ਟੀ.) ਦੇ ਕੁਝ ਹਿੱਸਿਆਂ ਦੀਆਂ ਭਾਵਨਾਵਾਂ ਦਾ ਵੀ ਧਿਆਨ ਨਹੀਂ ਰੱਖਿਆ।
ਰਾਕਾਂਪਾ (ਐੱਸ. ਪੀ.) ਨੇ ਵੀ ਇਸ ’ਤੇ ਸਾਈਨ ਨਹੀਂ ਕੀਤੇ ਸਨ ਪਰ ਹਾਲਾਤ ਨੂੰ ਦੇਖਦੇ ਹੋਏ ਉਹ ਵਾਕਆਊਟ ਕਰ ਸਕਦੀ ਹੈ। ਅਸਲ ਵਿਚ ਇਹ ਮੋਸ਼ਨ ਸਪੀਕਰ ਨੂੰ ਸ਼ਾਇਦ ਪ੍ਰੇਸ਼ਾਨ ਨਾ ਕਰੇ ਪਰ ਵਿਰੋਧੀ ਧਿਰ ਦੀ ਇਕਜੁੱਟਤਾ ਨੂੰ ਹੋਰ ਕਮਜ਼ੋਰ ਕਰ ਸਕਦਾ ਹੈ। ‘ਇੰਡੀਆ’ ਬਲਾਕ ਦੇ ਦੂਜੇ ਸਾਥੀ ਵੀ ਮੋਸ਼ਨ ’ਤੇ ਵੋਟਿੰਗ ਦੇ ਪੱਖ ਵਿਚ ਨਹੀਂ ਹਨ। ਕਿਸੇ ਸ਼ਰਮਨਾਕ ਪਲ ਤੋਂ ਬਚਣ ਲਈ ਇਕ ਨਵੀਂ ਰਣਨੀਤੀ ’ਤੇ ਕੰਮ ਕੀਤਾ ਜਾ ਰਿਹਾ ਹੈ।
