ਮੱਧ ਪ੍ਰਦੇਸ਼ : ਭਾਈਚਾਰੇ ਵਿਚਕਾਰ ਪੱਥਰਬਾਜ਼ੀ ''ਚ 7 ਲੋਕ ਜ਼ਖਮੀ
Sunday, Jul 19, 2020 - 09:59 PM (IST)
ਫਤਿਹਗੜ੍ਹ- ਮੱਧ ਪ੍ਰਦੇਸ਼ ਦੇ ਗੁਨਾ ਜ਼ਿਲ੍ਹੇ ਤੋਂ 80 ਕਿਲੋਮੀਟਰ ਦੂਰ ਫਤਿਹਗੜ੍ਹ ਪੁਲਸ ਦੇ ਅੰਦਰ ਆਉਂਦੇ ਬੀਲਖੇੜਾ ਤੇ ਡੋਬਰਾ ਵਿਚ ਜੰਗਲੀ ਜ਼ਮੀਨ 'ਤੇ ਕਬਜ਼ੇ ਨੂੰ ਲੈ ਕੇ ਦੋ ਭਾਈਚਾਰਿਆਂ ਵਿਚਕਾਰ ਐਤਵਾਰ ਨੂੰ ਪਥਰਾਅ ਹੋਇਆ, ਜਿਸ ਵਿਚ ਘੱਟ ਤੋਂ ਘੱਟ 7 ਲੋਕ ਜ਼ਖਮੀ ਹੋਏ ਹਨ। ਫਤਹਿਗੜ੍ਹ ਪੁਲਸ ਥਾਣੇ ਦੇ ਇੰਸਪੈਕਟਰ ਗਜੇਂਦਰ ਸਿੰਘ ਬੁੰਦੇਲਾ ਨੇ ਦੱਸਿਆ ਕਿ ਇਸ ਘਟਨਾ ਵਿਚ ਇਕ ਧੜੇ ਦੇ ਤਕਰੀਬਨ 7 ਵਿਅਕਤੀ ਪੱਥਰ ਲੱਗਣ ਨਾਲ ਜ਼ਖਮੀ ਹੋਏ, ਜਿਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਸਾਨੂੰ ਜਾਣਕਾਰੀ ਮਿਲੀ ਹੈ ਕਿ ਇਸ ਧੜੇ ਦੇ ਵੀ ਦੋ ਵਿਅਕਤੀ ਇਸ ਘਟਨਾ ਵਿਚ ਜ਼ਖਮੀ ਹੋਏ ਹਨ। ਅਸੀਂ ਉਨ੍ਹਾਂ ਦਾ ਪਤਾ ਲਗਾ ਰਹੇ ਹਾਂ ਤਾਂ ਜੋ ਉਨ੍ਹਾਂ ਨੂੰ ਡਾਕਟਰੀ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਜਾ ਸਕਣ। ਬੁੰਦੇਲਾ ਨੇ ਅਜਿਹੀਆਂ ਖਬਰਾਂ ਨੂੰ ਗਲਤ ਦੱਸਿਆ ਹੈ ਕਿ ਜਿਸ ਵਿਚ ਕਿਹਾ ਗਿਆ ਹੈ ਕਿ ਪੁਲਸ ਨੇ ਹਿੰਸਾ ਵਿਚ ਸ਼ਾਮਲ ਇਨ੍ਹਾਂ ਲੋਕਾਂ ਨੂੰ ਖਿੰਡਾਉਣ ਲਈ ਹਵਾਈ ਫਾਇਰ ਕੀਤੇ ਸਨ। ਉਨ੍ਹਾਂ ਕਿਹਾ ਕਿ ਪੁਲਸ ਨੇ ਕੋਈ ਵੀ ਗੋਲੀ ਨਹੀਂ ਚਲਾਈ। ਉਨ੍ਹਾਂ ਕਿਹਾ ਕਿ ਜੰਗਲੀ ਜ਼ਮੀਨ ਦੇ ਲਗਭਗ 50 ਬੀਘਾ ਜ਼ਮੀਨ ’ਤੇ ਕਬਜ਼ਾ ਕਰਨ ਸਬੰਧੀ ਉਕਤ ਵਿਵਾਦ ਵਿਚ ਦੋਵਾਂ ਧਿਰਾਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਬੁੰਦੇਲਾ ਨੇ ਦੱਸਿਆ ਕਿ ਸੁਰੱਖਿਆ ਲਈ ਇਲਾਕੇ ਵਿਚ ਪੁਲਸ ਬਲ ਤਾਇਨਾਤ ਕੀਤਾ ਗਿਆ ਹੈ ਅਤੇ ਹੁਣ ਇਲਾਕੇ ਵਿਚ ਪੂਰੀ ਤਰ੍ਹਾਂ ਸ਼ਾਂਤੀ ਹੈ।