ਵਿਦਾਈ ਤੋਂ ਪਹਿਲਾਂ ਹੀ ਲਾੜੀ ਦੇ ਪਏ ਵਿਛੋੜੇ, ਸੜਕ ਹਾਦਸੇ ਦੌਰਾਨ ਲਾੜੇ ਦੀ ਮੌਤ
Wednesday, Apr 28, 2021 - 12:42 PM (IST)
ਮੁਰੈਨਾ— ਮੱਧ ਪ੍ਰਦੇਸ਼ ਦੇ ਮੁਰੈਨਾ ਜ਼ਿਲ੍ਹੇ ਦੇ ਨਗਰ ਥਾਣਾ ਖੇਤਰ ’ਚ ਵਿਆਹ ਤੋਂ ਬਾਅਦ ਲਾੜੀ ਨੂੰ ਵਿਦਾ ਕਰਾਉਣ ਲਈ ਕਾਰ ਨੂੰ ਫੁੱਲਾਂ ਨਾਲ ਸਜਾਉਣ ਲਈ ਲਿਜਾਂਦੇ ਸਮੇਂ ਕਾਰ ਹਾਦਸੇ ਦਾ ਸ਼ਿਕਾਰ ਹੋਣ ਨਾਲ ਲਾੜੇ ਦੀ ਮੌਤ ਹੋ ਗਈ। ਪੁਲਸ ਸੂਤਰਾਂ ਮੁਤਾਬਕ ਭਿੰਡ ਜ਼ਿਲ੍ਹੇ ਦੇ ਕ੍ਰਿਸ਼ਨਾ ਕਾਲੋਨੀ ਵਾਸੀ ਸੋਨੂੰ ਵਾਲਮੀਕੀ ਆਪਣੀ ਬਰਾਤ ਲੈ ਕੇ ਪਿੰਡ ਕੁਰੇਠਾ ਆਇਆ ਸੀ। ਸੋਮਵਾਰ ਦੀ ਰਾਤ ਲਾੜਾ-ਲਾੜੀ ਦਾ ਵਿਆਹ ਹੋਣ ਮਗਰੋਂ ਕੱਲ੍ਹ ਸਵੇਰੇ ਲਾੜੀ ਜੋਤੀ ਦੀ ਵਿਦਾਈ ਦੀ ਤਿਆਰੀ ਚੱਲ ਰਹੀ ਸੀ। ਜਿਸ ਕਾਰ ਤੋਂ ਲਾੜੀ ਦੀ ਵਿਦਾਈ ਹੋਣੀ ਸੀ, ਉਸ ਨੂੰ ਫੁੱਲਾਂ ਨਾਲ ਸਜਾਉਣ ਲਈ ਪਿੰਡ ਤੋਂ ਪੋਰਸਾ ਲਿਜਾਇਆ ਜਾ ਰਿਹਾ ਸੀ।
ਇਸ ਦੌਰਾਨ ਕਾਰ ਡਰਾਈਵਰ ਨੇ ਪਿੰਡ ਹਰਿਹਰ ਦੇ ਪੂਰਾ ਨੇੜੇ ਕਾਰ ਤੋਂ ਆਪਣਾ ਕੰਟਰੋਲ ਗੁਆ ਦਿੱਤਾ ਅਤੇ ਕਾਰ ਇਕ ਬਿਜਲੀ ਦੇ ਖੰਭੇ ਨਾਲ ਟਕਰਾ ਗਈ। ਇਸ ਹਾਦਸੇ ਵਿਚ ਲਾੜਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਉਸ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਪੋਰਸਾ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਬਿਹਤਰ ਇਲਾਜ ਲਈ ਗਵਾਲੀਅਰ ਭੇਜ ਦਿੱਤਾ। ਲਾੜੇ ਨੂੰ ਗਵਾਲੀਅਰ ਲਿਜਾਇਆ ਜਾ ਰਿਹਾ ਸੀ ਪਰ ਰਾਹ ਵਿਚ ਹੀ ਉਸ ਨੇ ਦਮ ਤੋੜ ਦਿੱਤਾ। ਇਸ ਮਾਮਲੇ ਵਿਚ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦਰਅਸਲ ਸੋਨੂੰ ਪਰਿਵਾਰ ਨਾਲ ਬਰਾਤ ਲੈ ਕੇ ਗਿਆ ਸੀ। ਸੋਮਵਾਰ ਨੂੰ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਹੋਣ ਮਗਰੋਂ ਮੰਗਲਵਾਰ ਨੂੰ ਵਿਦਾਈ ਦੀ ਤਿਆਰੀ ਸੀ। ਵਿਦਾਈ ਤੋਂ ਪਹਿਲਾਂ ਸਵੇਰੇ ਲਾੜਾ ਸੋਨੂੰ ਆਪਣੀ ਭੂਆ ਦੀ ਮੁੰਡੇ ਨਾਲ ਕਾਰ ਸਜਾਉਣ ਲਈ ਪੋਰਸਾ ਜਾ ਰਿਹਾ ਸੀ। ਇਹ ਲੋਕ ਪਿੰਡ ਤੋਂ ਨਿਕਲ ਕੇ ਹਾਈਵੇਅ ’ਤੇ ਆਏ ਹੀ ਸਨ ਕਿ ਸਾਹਮਣੇ ਤੋਂ ਤੇਜ਼ ਰਫ਼ਤਾਰ ਆ ਰਹੀ ਕਾਰ ਨੂੰ ਓਵਰਟੇਕ ਕਰਨ ਨਾਲ ਸੋਨੂੰ ਦੀ ਕਾਰ ਬੇਕਾਬੂ ਹੋ ਕੇ ਬਿਜਲੀ ਦੇ ਖੰਭੇ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਜਿਸ ਕਾਰਨ ਲਾੜੇ ਦੀ ਮੌਤ ਹੋ ਗਈ, ਜਦਕਿ ਭੂਆ ਦਾ ਮੁੰਡਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।