ਲੋਕ ਸਭਾ ਚੋਣਾਂ: 58 ਸੀਟਾਂ 'ਤੇ ਵੋਟਿੰਗ ਅੱਜ; ਮਹਿਬੂਬਾ, ਮਨੋਹਰ ਖੱਟੜ ਸਣੇ ਕਈ ਨੇਤਾਵਾਂ ਦੀ ਕਿਸਮਤ ਦਾ ਹੋਵੇਗਾ ਫ਼ੈਸਲਾ

05/25/2024 6:03:40 AM

ਨਵੀਂ ਦਿੱਲੀ (ਏਜੰਸੀ)- ਛੇਵੇਂ ਪੜਾਅ ਤਹਿਤ ਅੱਠ ਸੂਬਿਆਂ ਅਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 58 ਸੀਟਾਂ ’ਤੇ ਸ਼ਨੀਵਾਰ ਯਾਨੀ ਅੱਜ ਵੋਟਿੰਗ ਹੋਵੇਗੀ। ਇਸ ਪੜਾਅ ’ਚ ਸਾਬਕਾ ਕੇਂਦਰੀ ਮੰਤਰੀ ਮੇਨਕਾ ਗਾਂਧੀ, ਭੋਜਪੁਰੀ ਅਦਾਕਾਰ ਮਨੋਜ ਤਿਵਾੜੀ, ਦਿਨੇਸ਼ ਲਾਲ ਯਾਦਵ ਨਿਰਹੂਆ, ਸਾਬਕਾ ਸੀ. ਐੱਮ. ਮਹਿਬੂਬਾ ਮੁਫਤੀ ਅਤੇ ਮਨੋਹਰ ਲਾਲ ਖੱਟੜ ਸਮੇਤ ਕਈ ਨੇਤਾਵਾਂ ਕਿਸਮਤ ਦਾ ਫੈਸਲਾ ਹੋਵੇਗਾ। 6ਵੇਂ ਪੜਾਅ 'ਚ 889 ਉਮੀਦਵਾਰ ਮੈਦਾਨ 'ਚ ਹਨ, ਜਿਨ੍ਹਾਂ 'ਚ ਹਰਿਆਣਾ 'ਚ ਸਭ ਤੋਂ ਜ਼ਿਆਦਾ 223 ਅਤੇ ਜੰਮੂ ਕਸ਼ਮੀਰ 'ਚ ਸਭ ਤੋਂ ਘੱਟ 20 ਉਮੀਦਵਾਰ ਆਪਣੀ ਕਿਸਮਤ ਅਜਮਾਉਣ ਲਈ ਚੋਣ ਮੈਦਾਨ 'ਚ ਹਨ।

ਇਨ੍ਹਾਂ ਸੂਬਿਆਂ 'ਚ ਪੈਣਗੀਆਂ ਵੋਟਾਂ

ਇਨ੍ਹਾਂ 'ਚ ਦਿੱਲੀ ਦੀਆਂ 7 ਅਤੇ ਹਰਿਆਣਾ ਦੀਆਂ 10 ਸੀਟਾਂ ਸਮੇਤ ਉੱਤਰ ਪ੍ਰਦੇਸ਼ ਦੀ 14, ਬਿਹਾਰ ਦੀਆਂ 8, ਪੱਛਮੀ ਬੰਗਾਲ ਦੀਆਂ 8, ਝਾਰਖੰਡ ਦੀਆਂ ਚਾਰ ਅਤੇ ਓਡੀਸ਼ਾ ਦੀਆਂ 6 ਸੀਟਾਂ ਸ਼ਾਮਲ ਹਨ। ਇਸ ਦੇ ਨਾਲ ਹੀ ਜੰਮੂ ਕਸ਼ਮੀਰ ਦੀ ਅਨੰਤਨਾਗ-ਰਾਜੌਰੀ ਸੀਟ ਲਈ ਵੀ ਇਸੇ ਪੜਾਅ 'ਚ ਵੋਟਿੰਗ ਹੋਵੇਗੀ। ਇਸ ਸੀਟ 'ਤੇ ਵੈਸੇ ਤਾਂ ਤੀਜੇ ਪੜਾਅ 'ਚ ਵੀ ਚੋਣਾਂ ਪ੍ਰਸਤਾਵਿਤ ਸਨ ਪਰ ਮੌਸਮ ਖ਼ਰਾਬ ਹੋਣ ਕਾਰਨ ਇਸ ਨੂੰ 6ਵੇਂ ਪੜਾਅ ਲਈ ਅੱਗੇ ਵਧਾ ਦਿੱਤਾ ਗਿਆ ਸੀ। 

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ’ਚ 1996 ਤੋਂ ਬਾਅਦ 2024 'ਚ ਸਭ ਤੋਂ ਵੱਧ 8,360 ਉਮੀਦਵਾਰ ਲੜ ਰਹੇ ਚੋਣ

ਦਿੱਗਜ ਚਿਹਰਿਆਂ ਦੀ ਕਿਸਮਤ ਦਾਅ 'ਤੇ ਲੱਗੀ

ਲੋਕ ਸਭਾ ਚੋਣਾਂ ਦੇ 6ਵੇਂ ਪੜਾਅ 'ਚ ਜਿਨ੍ਹਾਂ ਚਰਚਿਤ ਅਤੇ ਦਿੱਗਜ ਚਿਹਰਿਆਂ ਦੀ ਕਿਸਮਤ ਦਾਅ 'ਤੇ ਲੱਗੀ ਹੈ, ਉਨ੍ਹਾਂ 'ਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟੜ (ਕਰਨਾਲ ਸੰਸਦੀ ਖੇਤਰ), ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ (ਅਨੰਤਨਾਗ-ਰਾਜੌਰੀ), ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ (ਓਡੀਸ਼ਾ ਦੇ ਸੰਬਲਪੁਰ ਤੋਂ), ਕੇਂਦਰੀ ਮੰਤਰੀ ਰਾਵ ਇੰਦਰਜੀਤ ਅਤੇ ਅਭਿਨੇਤਾ ਰਾਜ ਬੱਬਰ (ਗੁਰੂਗ੍ਰਾਮ), ਕੇਂਦਰੀ ਮੰਤਰੀ ਕ੍ਰਿਸ਼ਨ ਪਾਲ ਗੁੱਜਰ (ਫਰੀਦਾਬਾਦ), ਸਾਬਕਾ ਕੇਂਦਰੀ ਮੰਤਰੀ ਮੇਨਕਾ ਗਾਂਧੀ (ਸੁਲਤਾਨਪੁਰ), ਮਨੋਜ ਤਿਵਾੜੀ ਅਤੇ ਕਨ੍ਹਈਆ ਕੁਮਾਰ (ਉੱਤਰ ਪੂਰਬੀ ਦਿੱਲੀ), ਨਵੀਨ ਜਿੰਦਲ (ਕੁਰੂਕੁਸ਼ੇਤਰ) ਆਦਿ ਸ਼ਾਮਲ ਹਨ। ਦੱਸ ਦੇਈਏ ਕਿ ਪਹਿਲਾ ਪੜਾਅ 19 ਅਪ੍ਰੈਲ ਨੂੰ ਹੋਇਆ ਸੀ, ਜਦੋਂ ਕਿ ਦੂਜਾ ਪੜਾਅ 26 ਅਪ੍ਰੈਲ ਨੂੰ ਹੋਇਆ ਸੀ। ਉੱਥੇ ਹੀ ਤੀਜਾ ਪੜਾਅ 7 ਮਈ, ਚੌਥਾ ਪੜਾਅ 13 ਮਈ ਅਤੇ 5ਵਾਂ ਪੜਾਅ 20 ਮਈ ਨੂੰ ਹੋਇਆ ਸੀ। ਸਾਰੇ ਸੱਤ ਪੜਾਵਾਂ ਲਈ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News