ਮਨੋਹਰ ਲਾਲ ਖੱਟੜ ਨੇ ਊਰਜਾ ਮੰਤਰੀ ਦਾ ਸੰਭਾਲਿਆ ਚਾਰਜ

06/11/2024 5:39:10 PM

ਨਵੀਂ ਦਿੱਲੀ- ਰਾਸ਼ਟਰੀ ਸਵੈ-ਸੇਵਕ ਸੰਘ (RSS) ਪ੍ਰਚਾਰਕ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਮੰਗਲਵਾਰ ਯਾਨੀ ਕਿ ਅੱਜ ਕੇਂਦਰੀ ਊਰਜਾ ਮੰਤਰੀ ਦਾ ਚਾਰਜ ਸੰਭਾਲ ਲਿਆ। ਖੱਟੜ ਨੇ ਆਰ. ਕੇ. ਸਿੰਘ ਦੀ ਥਾਂ ਲਈ ਹੈ। ਸਿੰਘ ਬਿਹਾਰ ਦੇ ਆਰਾ ਤੋਂ ਲੋਕ ਸਭਾ ਚੋਣਾਂ ਹਾਰ ਗਏ ਹਨ। ਖੱਟੜ ਨੇ ਸਵੇਰੇ ਮੰਤਰਾਲੇ ਦਾ ਚਾਰਜ ਸੰਭਾਲਣ ਮਗਰੋਂ ਬਿਜਲੀ ਖੇਤਰ ਦੇ ਜਨਤਕ ਉਪਕ੍ਰਮਾਂ ਦੇ ਮੁਖੀਆਂ ਅਤੇ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ, ਤਾਂ ਕਿ ਖੇਤਰ ਦੀ ਗਤੀਸ਼ੀਲਤਾ ਨੂੰ ਸਮਝਿਆ ਜਾ ਸਕੇ। 

ਊਰਜਾ ਮੰਤਰੀ ਦੇ ਰੂਪ ਵਿਚ ਖੱਟੜ ਨੂੰ ਦੇਸ਼ ਭਰ ਵਿਚ ਉੱਚ ਬਿਜਲੀ ਮੰਗ ਅਤੇ ਕੋਲਾ ਸਪਲਾਈ ਦੀਆਂ ਸਮੱਸਿਆਵਾਂ ਸਮੇਤ ਵੱਖ-ਵੱਖ ਮੁੱਦਿਆਂ ਨਾਲ ਨਜਿੱਠਣਾ ਹੋਵੇਗਾ। ਇਸ ਸਾਲ ਮਈ ਵਿਚ ਬਿਜਲੀ ਦੀ ਮੰਗ 250 ਗੀਗਾਵਾਟ ਦੇ ਉੱਚ ਪੱਧਰ ਨੂੰ ਛੂਹ ਚੁੱਕੀ ਹੈ। ਇਸ ਤੋਂ ਪਹਿਲਾਂ ਮੰਤਰਾਲਾ ਨੇ ਅਨੁਮਾਨ ਲਾਇਆ ਸੀ ਕਿ ਇਸ ਗਰਮੀ ਵਿਚ ਬਿਜਲੀ ਦੀ ਵੱਧ ਮੰਗ 260 ਗੀਗਾਵਾਟ ਤੱਕ ਪਹੁੰਚ ਸਕਦੀ ਹੈ। ਖੱਟੜ ਨੂੰ ਦੇਸ਼ ਭਰ ਦੇ ਸਾਰੇ ਬਿਜਲੀ ਘਰਾਂ ਵਿਚ ਕੋਲੇ ਦੀ ਉੱਚਿਤ ਸਪਲਾਈ ਯਕੀਨੀ ਕਰਨ ਲਈ ਕੋਲਾ ਅਤੇ ਰੇਲਵੇ ਮੰਤਰਾਲਿਆਂ ਨਾਲ ਵੀ ਮਿਲ ਕੇ ਕੰਮ ਕਰਨਾ ਹੋਵੇਗਾ। ਖੱਟੜ ਨੇ ਹਾਲ ਹੀ ਵਿਚ ਆਮ ਚੋਣਾਂ ਵਿਚ ਕਰਨਾਲ ਚੋਣ ਖੇਤਰ 'ਚ ਕਾਂਗਰਸ ਦੇ ਦਿਵਯਾਂਸ਼ੂ ਬੁੱਧੀਰਾਜਾ ਨੂੰ ਮਾਤ ਦਿੱਤੀ ਹੈ। ਖੱਟੜ 2014 ਵਿਚ ਪਹਿਲੀ ਵਾਰ ਵਿਧਾਇਕ ਬਣੇ ਅਤੇ ਹਰਿਆਣਾ ਦੇ ਮੁੱਖ ਮੰਤਰੀ ਰਹੇ। ਮਾਰਚ 2024 ਵਿਚ ਉਨ੍ਹਾਂ ਦੀ ਥਾਂ ਉਨ੍ਹਾਂ ਦੇ ਵਿਸ਼ਵਾਸ ਪਾਤਰ ਨਾਇਬ ਸਿੰਘ ਸੈਣੀ ਨੇ ਲੈ ਲਈ।


Tanu

Content Editor

Related News