26.3 ਫ਼ੀਸਦੀ ਵੋਟਾਂ ਨਾਲ ਪੰਜਾਬ ’ਚ ਕਾਂਗਰਸ ਨੇ ਜਿੱਤੀਆਂ ਸਭ ਤੋਂ ਵੱਧ 7 ਲੋਕ ਸਭਾ ਸੀਟਾਂ
Wednesday, Jun 05, 2024 - 04:06 PM (IST)
ਚੰਡੀਗੜ੍ਹ (ਅਸ਼ਵਨੀ) : ਵਿਧਾਨ ਸਭਾ ਚੋਣਾਂ ’ਚ ਕਰਾਰੀ ਹਾਰ ਝੱਲਣ ਵਾਲੀ ਕਾਂਗਰਸ ਨੇ ਲੋਕ ਸਭਾ ਚੋਣਾਂ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪੰਜਾਬ ਦੀਆਂ 7 ਸੀਟਾਂ ’ਤੇ ਕਾਂਗਰਸ ਨੇ ਜਿੱਤ ਦਾ ਸਵਾਦ ਚੱਖਿਆ ਹੈ। ਬੇਸ਼ੱਕ 2019 ਦੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ਕਾਂਗਰਸ ਨੂੰ 1 ਸੀਟ ਦਾ ਨੁਕਸਾਨ ਹੋਇਆ ਹੈ ਪਰ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਕਾਂਗਰਸ ਦਾ ਪ੍ਰਦਰਸ਼ਨ ਤਸੱਲੀਬਖ਼ਸ਼ ਰਿਹਾ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੂੰ ਸਿਰਫ਼ 15.5 ਫ਼ੀਸਦੀ ਵੋਟਾਂ ਹੀ ਮਿਲੀਆਂ ਸਨ ਪਰ ਸਿਰਫ਼ ਦੋ ਸਾਲ ਬਾਅਦ 2024 ਦੀਆਂ ਲੋਕ ਸਭਾ ਚੋਣਾਂ ’ਚ ਕਾਂਗਰਸ ਨੇ ਆਪਣਾ ਵੋਟ ਬੈਂਕ ਵਧਾਇਆ ਹੈ ਅਤੇ ਇਸ ਵਾਰ ਉਸ ਨੂੰ ਕਰੀਬ 26.5 ਫ਼ੀਸਦੀ ਵੋਟਾਂ ਮਿਲੀਆਂ ਹਨ। ਪੰਜਾਬ ’ਚ ਇਸ ਵਾਰ ਪੰਜਕੋਣੀ ਮੁਕਾਬਲੇ ਦੌਰਾਨ ਕਾਂਗਰਸ ਦਾ ਇਹ ਪ੍ਰਦਰਸ਼ਨ ਪਾਰਟੀ ਅਹੁਦੇਦਾਰਾਂ ਦੇ ਚਿਹਰਿਆਂ ’ਤੇ ਮੁਸਕਰਾਹਟ ਲਿਆਉਣ ਵਾਲਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਾਂਗਰਸ ਨੂੰ 13 ’ਚੋਂ 7 ਸੀਟਾਂ ਮਿਲਣ ’ਤੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕਾਂਗਰਸ ’ਤੇ ਅਟੁੱਟ ਭਰੋਸਾ ਪ੍ਰਗਟਾਇਆ ਹੈ। ਕਾਂਗਰਸ ਪਾਰਟੀ ਇਸ ਸਹਿਯੋਗ ਨੂੰ ਸੇਵਾ ਤੇ ਵਚਨਬੱਧਤਾ ਨਾਲ ਸਵੀਕਾਰ ਕਰੇਗੀ। ਹਾਲਾਂਕਿ 2019 ਦੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ਕਾਂਗਰਸ ਲਈ ਵੋਟ ਪ੍ਰਤੀਸ਼ਤ ਵਧਾਉਣਾ ਅਜੇ ਵੀ ਵੱਡੀ ਚੁਣੌਤੀ ਰਹੇਗੀ। ਕਾਂਗਰਸ ਨੂੰ 2019 ਦੀਆਂ ਲੋਕ ਸਭਾ ਚੋਣਾਂ ਵਿਚ ਕਰੀਬ 40 ਫ਼ੀਸਦੀ ਵੋਟਾਂ ਮਿਲੀਆਂ ਸਨ।
ਇਹ ਖ਼ਬਰ ਵੀ ਪੜ੍ਹੋ : ਕਾਂਗਰਸ ਵੱਲੋਂ ਸੂਬਾ ਪ੍ਰਧਾਨ ਵੜਿੰਗ ਤੇ ਸਾਬਕਾ ਉੱਪ-ਮੁੱਖ ਮੰਤਰੀ ਰੰਧਾਵਾ ਨੂੰ ਚੋਣ ਮੈਦਾਨ ’ਚ ਉਤਾਰਨਾ ਰਿਹਾ ਫਾਇਦੇਮੰਦ
2019 ’ਚ ਜਿੱਤੇ 5 ਗੜ੍ਹ ਬਚਾਏ
2019 ਦੀਆਂ ਲੋਕ ਸਭਾ ਚੋਣਾਂ ’ਚ ਕਾਂਗਰਸ ਨੇ ਜਿਨ੍ਹਾਂ 8 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ, ਉਨ੍ਹਾਂ ਦੇ ਮੁਕਾਬਲੇ 2024 ’ਚ 5 ਲੋਕ ਸਭਾ ਸੀਟਾਂ ’ਤੇ ਕਾਂਗਰਸ ਨੇ ਆਪਣੀ ਜਿੱਤ ਬਰਕਰਾਰ ਰੱਖੀ ਹੈ। ਭਾਵੇਂ ਪਟਿਆਲਾ, ਲੁਧਿਆਣਾ, ਫ਼ਤਹਿਗੜ੍ਹ ਸਾਹਿਬ ਆਦਿ ਥਾਵਾਂ ’ਤੇ ਕਾਂਗਰਸ ਨੂੰ ਕਦੇ ਆਪਣੀ ਹੀ ਪਾਰਟੀ ਦਾ ਚਿਹਰਾ ਰਹੇ ਉਮੀਦਵਾਰਾਂ ਨਾਲ ਸਿੱਧੀ ਟੱਕਰ ਦਾ ਸਾਹਮਣਾ ਕਰਨਾ ਪਿਆ ਪਰ ਕਾਂਗਰਸ ਨੇ ਇਨ੍ਹਾਂ ਥਾਵਾਂ ’ਤੇ ਉਮੀਦਵਾਰਾਂ ਨੂੰ ਹਰਾ ਕੇ ਜਿੱਤ ਦਾ ਝੰਡਾ ਲਹਿਰਾਇਆ ਹੈ। ਪਟਿਆਲਾ ਸੀਟ ’ਤੇ ਕਦੇ ਕਾਂਗਰਸ ਦਾ ਵੱਡਾ ਚਿਹਰਾ ਰਹੀ ਪ੍ਰਨੀਤ ਕੌਰ, ਲੁਧਿਆਣਾ ’ਚ ਰਵਨੀਤ ਸਿੰਘ ਬਿੱਟੂ ਅਤੇ ਫ਼ਤਹਿਗੜ੍ਹ ਸਾਹਿਬ ’ਚ ਗੁਰਪ੍ਰੀਤ ਸਿੰਘ ਜੀ.ਪੀ. ਕਾਂਗਰਸੀ ਉਮੀਦਵਾਰਾਂ ਨੂੰ ਸਿੱਧਾ ਮੁਕਾਬਲਾ ਦੇ ਰਹੇ ਸਨ। ਇਸ ਤੋਂ ਇਲਾਵਾ ਕਾਂਗਰਸ ਨੇ ਅੰਮ੍ਰਿਤਸਰ ਅਤੇ ਜਲੰਧਰ ਦੀਆਂ ਸੀਟਾਂ ’ਤੇ ਵੀ 2019 ਦੀ ਤਰ੍ਹਾਂ ਆਪਣੀ ਜਿੱਤ ਬਰਕਰਾਰ ਰੱਖੀ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਗੜ੍ਹ ਰਹੇ ਫ਼ਿਰੋਜ਼ਪੁਰ ਤੋਂ ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਅਤੇ ਭਾਰਤੀ ਜਨਤਾ ਪਾਰਟੀ ਦੀ ਸੀਟ ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਧਾਵਾ ਨੇ ਜਿੱਤ ਦਰਜ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ਕੈਬਨਿਟ 'ਚ ਵੱਡੇ ਫੇਰਬਦਲ ਦੀ ਤਿਆਰੀ, ਇਨ੍ਹਾਂ ਮੰਤਰੀਆਂ 'ਤੇ ਡਿਗ ਸਕਦੀ ਹੈ ਗਾਜ
ਹਮੇਸ਼ਾ ਕਦਰਾਂ-ਕੀਮਤਾਂ ਨਾਲ ਜੁੜੀ ਰਹੇਗੀ ਕਾਂਗਰਸ : ਬਾਜਵਾ
7 ਸੀਟਾਂ ’ਤੇ ਕਾਂਗਰਸ ਦੀ ਜਿੱਤ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੈਂ ਚੋਣਾਂ ਤੋਂ ਪਹਿਲਾਂ ਹੀ ਕਿਹਾ ਸੀ ਕਿ ਪੰਜਾਬ ਦੇ ਲੋਕ ਕਿਸਾਨਾਂ ਦੇ ਸਮਰਥਨ ਅਤੇ ਸਮਾਜਿਕ, ਆਰਥਿਕ ਤੌਰ ’ਤੇ ਪਛੜੇ ਵਰਗਾਂ ਦੇ ਵਿਕਾਸ ਲਈ ਲਗਾਤਾਰ ਯਤਨਾਂ ਲਈ ਕਾਂਗਰਸ ਦੀ ਸ਼ਲਾਘਾ ਕਰਨਗੇ। ਗੁਰੂਆਂ ਦੀ ਧਰਤੀ ਸਮਾਜਿਕ ਸਦਭਾਵਨਾ ਦਾ ਸੰਦੇਸ਼ ਦਿੰਦੀ ਹੈ ਅਤੇ ਕਾਂਗਰਸ ਹਮੇਸ਼ਾ ਇਨ੍ਹਾਂ ਕਦਰਾਂ-ਕੀਮਤਾਂ ਨਾਲ ਜੁੜੀ ਰਹੇਗੀ।
‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8