ਅਜਮੇਰ ’ਚ 100 ਗਜ਼ ਦੇ ਪਲਾਟ ’ਤੇ ਕਬਜ਼ੇ ਨੂੰ ਲੈ ਕੇ ਭਿੜੇ ਭੂ-ਮਾਫੀਆ

Monday, Sep 23, 2024 - 12:19 AM (IST)

ਅਜਮੇਰ ’ਚ 100 ਗਜ਼ ਦੇ ਪਲਾਟ ’ਤੇ ਕਬਜ਼ੇ ਨੂੰ ਲੈ ਕੇ ਭਿੜੇ ਭੂ-ਮਾਫੀਆ

ਅਜਮੇਰ (ਯੋਗੇਸ਼) : ਅਜਮੇਰ ਜ਼ਿਲੇ ਦੀ ਰੂਪਨਗੜ੍ਹ ਤਹਿਸੀਲ ’ਚ 100 ਗਜ਼ ਜ਼ਮੀਨ ’ਤੇ ਕਬਜ਼ੇ ਨੂੰ ਲੈ ਕੇ ਐਤਵਾਰ ਨੂੰ 2 ਭੂ-ਮਾਫ਼ੀਆ ਗਰੁੱਪਾਂ ਵਿਚਕਾਰ ਖ਼ੂਨੀ ਸੰਘਰਸ਼ ਸ਼ੁਰੂ ਹੋਇਆ | ਗੋਲੀਬਾਰੀ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 2 ਲੋਕ ਜ਼ਖਮੀ ਹੋ ਗਏ। ਇਕ ਜ਼ਖ਼ਮੀ ਵਿਅਕਤੀ ਨੂੰ ਅਜਮੇਰ ਦੇ ਜਵਾਹਰ ਲਾਲ ਨਹਿਰੂ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ, ਜਿਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਅਜਮੇਰ ਰੇਂਜ ਦੇ ਡੀ. ਆਈ. ਜੀ. ਓਮਪ੍ਰਕਾਸ਼ ਨੇ ਦੱਸਿਆ ਕਿ ਗੋਲੀ ਲੱਗਣ ਕਾਰਨ ਕੋਟੜੀ ਨਿਵਾਸੀ ਸ਼ਕੀਲ ਦੀ ਮੌਤ ਹੋ ਗਈ, ਜਦੋਂਕਿ ਨਰਾਇਣ ਕੁਮਾਵਤ ਅਤੇ ਹੋਰ ਨੌਜਵਾਨ ਜ਼ਖਮੀ ਹੋ ਗਏ। ਕੁਮਾਵਤ ਨੂੰ ਜੇ. ਐੱਲ. ਐੱਨ. ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ।

ਰੂਪਨਗਰ ’ਚ ਖੂਨੀ ਟਕਰਾਅ ਦੀ ਸੂਚਨਾ ਮਿਲਦਿਆਂ ਹੀ ਅਜਮੇਰ ਦੇ ਐੱਸ.ਪੀ. ਦਵਿੰਦਰ ਕੁਮਾਰ ਬਿਸ਼ਨੋਈ, ਵਧੀਕ ਐੱਸ.ਪੀ. (ਦਿਹਾਤੀ) ਦੀਪਕ ਕੁਮਾਰ ਤੇ ਹੋਰ ਅਧਿਕਾਰੀ ਮੌਕੇ ’ਤੇ ਪੁੱਜੇ। ਇਲਾਕੇ ’ਚ ਵਾਧੂ ਪੁਲਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ। ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੁੱਖ ਦੋਸ਼ੀ ਆਸਮ ਖਾਨ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਭੋਲਾ ਰਾਮ ਜਾਟ, ਕਾਨੂੰ ਜਾਟ ਅਤੇ ਜੀਤੂ ਜਾਟ ਨੂੰ ਵੀ ਨਾਮਜ਼ਦ ਕੀਤਾ। ਦੋਵੇਂ ਗਰੁੱਪਾਂ ਦੇ ਬਾਕੀ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ। ਖਾਸ ਗੱਲ ਇਹ ਹੈ ਕਿ ਦੋਵੇਂ ਧੜੇ ਰੂਪਨਗਰ ਤੋਂ ਬਾਹਰ ਦੇ ਦੱਸੇ ਜਾਂਦੇ ਹਨ, ਜੋ ਇਸ ਪਲਾਟ ’ਤੇ ਕਬਜ਼ਾ ਕਰਨਾ ਚਾਹੁੰਦੇ ਸਨ।

ਤਕਰਾਰ ’ਚ ਇਕ ਗੁੱਟ ਨੇ ਦੂਜੇ ਗੁੱਟ ਦੀ ਜੇ. ਸੀ. ਬੀ. ਮਸ਼ੀਨ ਨੂੰ ਅੱਗ ਲਗਾ ਦਿੱਤੀ। ਇਕ ਧਿਰ ਡੰਡਿਆਂ ਨਾਲ ਲੈਸ ਹੋ ਕੇ ਟਾਕਰਾ ਕਰਨ ਲਈ ਅੱਗੇ ਆਈ। ਪੁਲਸ ਨੇ ਮੌਕੇ ਤੋਂ ਇਕ ਜੇ. ਸੀ. ਬੀ. ਸਮੇਤ 4 ਹੋਰ ਵਾਹਨ ਜ਼ਬਤ ਕੀਤੇ ਹਨ।


author

Inder Prajapati

Content Editor

Related News