ਈਰਾਨ ''ਚ ਤਖ਼ਤਾਪਲਟ ਦੀ ਆਹਟ ! ਖਮੇਨੀ ਦੇ ਦਫਤਰ ਨੇੜੇ ਖੂਨੀ ਝੜਪ, 100 MEK ਲੜਾਕੇ ਢੇਰ
Thursday, Feb 26, 2026 - 02:59 PM (IST)
ਤਹਿਰਾਨ- ਈਰਾਨ ਵਿਚ ਤਖ਼ਤਾਪਲਟ ਦੀ ਕੋਸ਼ਿਸ਼ ਕੀਤੀ ਗਈ ਹੈ। ਈਰਾਨ ਦੀ ਰਾਜਧਾਨੀ ਤਹਿਰਾਨ ਵਿੱਚ ਸੁਪਰੀਮ ਲੀਡਰ ਅਲੀ ਖਮੇਨੀ ਦੇ ਮੁੱਖ ਦਫਤਰ ਨੇੜੇ ਖੂਨੀ ਝੜਪ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (ਆਈ.ਆਰ.ਜੀ.ਸੀ) ਨੇ ਦਾਅਵਾ ਕੀਤਾ ਹੈ ਕਿ ਇਸ ਝੜਪ ਵਿੱਚ ਪਾਬੰਦੀਸ਼ੁਦਾ ਵਿਰੋਧੀ ਸਮੂਹ ਮੁਜਾਹਿਦੀਨ-ਏ-ਖਲਕ (ਐਮ.ਈ.ਕੇ) ਦੇ ਘੱਟੋ-ਘੱਟ 100 ਲੜਾਕੇ ਮਾਰੇ ਗਏ। ਇਹ ਝੜਪ ਤਹਿਰਾਨ ਦੇ ਬਹੁਤ ਸੁਰੱਖਿਅਤ ਮੋਤਾਹਾਰੀ ਕੰਪਲੈਕਸ ਨੇੜੇ ਹੋਈ, ਜਿਸਨੂੰ ਦੇਸ਼ ਦੇ ਸਭ ਤੋਂ ਸੁਰੱਖਿਅਤ ਸਰਕਾਰੀ ਕੰਪਲੈਕਸਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਈਰਾਨੀ ਮੀਡੀਆ ਰਿਪੋਰਟਾਂ ਅਨੁਸਾਰ ਐਮ.ਈ.ਕੇ ਦੇ ਲੜਾਕਿਆਂ ਨੇ ਸੋਮਵਾਰ ਸਵੇਰ ਦੀ ਨਮਾਜ਼ ਦੌਰਾਨ ਕੰਪਲੈਕਸ ਵਿੱਚ ਘੁਸਪੈਠ ਕਰਨ ਦੀ ਕਥਿਤ ਤੌਰ 'ਤੇ ਕੋਸ਼ਿਸ਼ ਕੀਤੀ। ਸੁਰੱਖਿਆ ਬਲਾਂ ਅਤੇ ਲੜਾਕਿਆਂ ਵਿਚਕਾਰ ਗੋਲੀਬਾਰੀ ਹੋਈ ਜੋ ਕਈ ਘੰਟਿਆਂ ਤੱਕ ਚੱਲੀ। ਆਈ.ਆਰ.ਜੀ.ਸੀ ਨੇ ਇਸਨੂੰ "ਅਸਫਲ ਅੱਤਵਾਦੀ ਸਾਜ਼ਿਸ਼" ਦੱਸਿਆ।
ਜਾਣੋ ਮੋਤਾਹਾਰੀ ਕੰਪਲੈਕਸ ਬਾਰੇ
ਮੋਤਾਹਾਰੀ ਕੰਪਲੈਕਸ ਨੂੰ ਈਰਾਨ ਵਿੱਚ ਸੱਤਾ ਦਾ ਇੱਕ ਮੁੱਖ ਕੇਂਦਰ ਮੰਨਿਆ ਜਾਂਦਾ ਹੈ। ਸੁਪਰੀਮ ਲੀਡਰ ਦਾ ਮੁੱਖ ਦਫਤਰ ਹੋਣ ਤੋਂ ਇਲਾਵਾ ਇੱਥੇ ਕਈ ਸ਼ਕਤੀਸ਼ਾਲੀ ਸੰਸਥਾਵਾਂ ਸਥਿਤ ਹਨ, ਜਿਨ੍ਹਾਂ ਵਿਚ- ਗਾਰਡੀਅਨ ਕੌਂਸਲ, ਅਸੈਂਬਲੀ ਆਫ ਐਕਸਪਰਟਸ, ਖੁਫੀਆ ਮੰਤਰਾਲੇ ਦਾ ਦਫ਼ਤਰ, ਨਿਆਂਪਾਲਿਕਾ ਦਾ ਕੇਂਦਰੀ ਦਫ਼ਤਰ, ਸੁਪਰੀਮ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ, ਖਮੇਨੀ ਦੇ ਪੁੱਤਰ, ਮੋਜਤਬਾ ਖਮੇਨੀ ਨਾਲ ਜੁੜੇ ਦਫ਼ਤਰ ਸ਼ਾਮਲ ਹਨ। ਇਸ ਕਾਰਨ ਇਸ ਖੇਤਰ ਨੂੰ ਈਰਾਨ ਦਾ ਸਭ ਤੋਂ ਸੰਵੇਦਨਸ਼ੀਲ ਸੁਰੱਖਿਆ ਖੇਤਰ ਮੰਨਿਆ ਜਾਂਦਾ ਹੈ।
ਪੜ੍ਹੋ ਇਹ ਖਾਸ ਖ਼ਬਰ-ਹਿੰਦੂ ਮੰਦਰ ਵੇਚਣ ਦੀ ਤਿਆਰੀ 'ਚ ਬ੍ਰਿਟਿਸ਼ ਸਰਕਾਰ ! ਸ਼ਰਧਾਲੂਆਂ ਵੱਲੋਂ ਵਿਰੋਧ
ਦੋਵਾਂ ਧਿਰਾਂ ਦੇ ਵਿਰੋਧੀ ਦਾਅਵੇ
IRGC ਦਾ ਦਾਅਵਾ ਹੈ ਕਿ 100 MEK ਲੜਾਕੇ ਮਾਰੇ ਗਏ। ਜਦਕਿ MEK ਦਾ ਦਾਅਵਾ ਹੈ ਕਿ 100 ਤੋਂ ਵੱਧ ਮੈਂਬਰ ਮਾਰੇ ਗਏ ਜਾਂ ਗ੍ਰਿਫਤਾਰ ਕੀਤੇ ਗਏ, ਪਰ 150 ਤੋਂ ਵੱਧ ਸੁਰੱਖਿਅਤ ਵਾਪਸ ਪਰਤ ਆਏ। MEK ਨੇ ਇਹ ਵੀ ਕਿਹਾ ਕਿ ਉਹ ਮਾਰੇ ਗਏ ਅਤੇ ਗ੍ਰਿਫਤਾਰ ਕੀਤੇ ਗਏ ਲੋਕਾਂ ਦੇ ਨਾਮ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਗਠਨਾਂ ਨੂੰ ਸੌਂਪੇਗਾ। ਸੰਗਠਨ ਨੇ ਕਿਹਾ ਕਿ ਉਹ 16 ਗ੍ਰਿਫਤਾਰ ਕੀਤੇ ਗਏ ਮੈਂਬਰਾਂ ਦੇ ਨਾਮ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਰਿਪੋਰਟਰ ਨੂੰ ਭੇਜੇਗਾ। ਹਾਲਾਂਕਿ ਅਜੇ ਤੱਕ ਕਿਸੇ ਵੀ ਦਾਅਵੇ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਹੋਈ ਹੈ। ਸਥਾਨਕ ਸੂਤਰਾਂ ਅਨੁਸਾਰ,ਦਿਨ ਭਰ ਮੋਤਾਹਾਰੀ ਕੰਪਲੈਕਸ ਦੇ ਆਲੇ-ਦੁਆਲੇ ਐਂਬੂਲੈਂਸਾਂ ਘੁੰਮਦੀਆਂ ਵੇਖੀਆਂ ਗਈਆਂ। ਸੁਰੱਖਿਆ ਬਲਾਂ ਦੀ ਭਾਰੀ ਤਾਇਨਾਤੀ ਕੀਤੀ ਗਈ ਹੈ ਅਤੇ ਪੂਰੇ ਖੇਤਰ ਨੂੰ ਸੀਲ ਕਰ ਦਿੱਤਾ ਗਿਆ ਹੈ। ਲੇਬਨਾਨੀ ਅਖਬਾਰ ਅਲ ਅਖਬਰ ਨੇ ਇਸਨੂੰ ਹਾਲ ਹੀ ਦੇ ਸਾਲਾਂ ਵਿੱਚ MEK ਦੁਆਰਾ ਕੀਤੇ ਗਏ ਸਭ ਤੋਂ ਖਤਰਨਾਕ ਅਤੇ ਗੁੰਝਲਦਾਰ ਆਪ੍ਰੇਸ਼ਨ ਵਜੋਂ ਦਰਸਾਇਆ ਹੈ।
ਪੜ੍ਹੋ ਇਹ ਖਾਸ ਖ਼ਬਰ-- PM ਮੋਦੀ ਨੇ ਇਜ਼ਰਾਈਲੀ ਕੰਪਨੀਆਂ ਨੂੰ ਭਾਰਤ 'ਚ ਨਿਵੇਸ਼ ਕਰਨ ਦਾ ਦਿੱਤਾ ਸੱਦਾ
ਵੱਧ ਸਕਦਾ ਹੈ ਅੰਦਰੂਨੀ ਅਤੇ ਅੰਤਰਰਾਸ਼ਟਰੀ ਤਣਾਅ
ਇਸ ਘਟਨਾ ਨੇ ਈਰਾਨ ਦੇ ਅੰਦਰ ਮੌਜੂਦਾ ਰਾਜਨੀਤਿਕ ਤਣਾਅ ਨੂੰ ਹੋਰ ਵਧਾ ਦਿੱਤਾ ਹੈ। MEK ਨੇ ਸੰਕੇਤ ਦਿੱਤਾ ਹੈ ਕਿ ਇਸ ਆਪ੍ਰੇਸ਼ਨ ਨੂੰ ਕਥਿਤ ਤੌਰ 'ਤੇ ਵਿਦੇਸ਼ੀ ਖੁਫੀਆ ਏਜੰਸੀਆਂ ਦੁਆਰਾ ਸਮਰਥਨ ਦਿੱਤਾ ਗਿਆ ਸੀ, ਹਾਲਾਂਕਿ ਕੋਈ ਠੋਸ ਸਬੂਤ ਸਾਹਮਣੇ ਨਹੀਂ ਆਇਆ ਹੈ। ਸਥਿਤੀ ਸੰਵੇਦਨਸ਼ੀਲ ਬਣੀ ਹੋਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਸਦੇ ਵਿਆਪਕ ਰਾਜਨੀਤਿਕ ਅਤੇ ਸੁਰੱਖਿਆ ਪ੍ਰਭਾਵ ਹੋ ਸਕਦੇ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
