IT ਕੰਪਨੀਆਂ ਦੇ ਭਵਿੱਖ ਨੂੰ ਲੈ ਕੇ ਨਿਵੇਸ਼ਕਾਂ ਦਾ ਡਰ ਹਾਸੋਹੀਣਾ : ਪਿਊਸ਼ ਗੋਇਲ

Thursday, Feb 19, 2026 - 02:14 PM (IST)

IT ਕੰਪਨੀਆਂ ਦੇ ਭਵਿੱਖ ਨੂੰ ਲੈ ਕੇ ਨਿਵੇਸ਼ਕਾਂ ਦਾ ਡਰ ਹਾਸੋਹੀਣਾ : ਪਿਊਸ਼ ਗੋਇਲ

ਬਿਜ਼ਨੈੱਸ ਡੈਸਕ - ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਆਈ. ਟੀ. ਕੰਪਨੀਆਂ ਦੇ ਭਵਿੱਖ ਨੂੰ ਲੈ ਕੇ ਨਿਵੇਸ਼ਕਾਂ ਦੀਆਂ ਚਿੰਤਾਵਾਂ ਨੂੰ ‘ਹਾਸੋਹੀਣਾ’ ਕਰਾਰ ਦਿੱਤਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਨੂੰ ਪ੍ਰਫੁੱਲਿਤ ਕਰਨ ’ਚ ਆਈ. ਟੀ. ਖੇਤਰ ਮਹੱਤਵਪੂਰਨ ਭੂਮਿਕਾ ਨਿਭਾਏਗਾ।

ਗੋਇਲ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਅਮਰੀਕਾ ਦੇ ‘ਐਂਥ੍ਰੋਪਿਕ’ ਵਰਗੇ ਨਵੇਂ ਮੰਚ ਪੇਸ਼ ਕੀਤੇ ਜਾਣ ਤੋਂ ਬਾਅਦ ਪਿਛਲੇ ਪੰਦਰਵਾੜੇ ’ਚ ਆਈ. ਟੀ. ਸ਼ੇਅਰਾਂ ’ਚ ਗਿਰਾਵਟ ਦੇਖੀ ਗਈ ਹੈ। ਇਸ ਨਾਲ ਲੱਗਭਗ 300 ਅਰਬ ਡਾਲਰ ਦੇ ਇਸ ਖੇਤਰ ਦੀ ਸਾਰਥਕਤਾ ’ਤੇ ਸਵਾਲ ਉੱਠਣ ਲੱਗੇ ਸਨ, ਜੋ ਕਰੀਬ 50 ਲੱਖ ਲੋਕਾਂ ਨੂੰ ਸਿੱਧੇ ਤੌਰ ’ਤੇ ਰੋਜ਼ਗਾਰ ਪ੍ਰਦਾਨ ਕਰਦਾ ਹੈ।

ਮੁੰਬਈ ’ਚ ਗਲੋਬਲ ਆਰਥਿਕ ਸੰਮੇਲਨ (ਜੀ. ਈ. ਸੀ.) ਪ੍ਰੋਗਰਾਮ ’ਚ ਗੋਇਲ ਨੇ ਕਿਹਾ,‘‘ਸ਼ੇਅਰ ਬਾਜ਼ਾਰ ’ਚ ਆਈ. ਟੀ. ਉਦਯੋਗ ਦੇ ਭਵਿੱਖ ਨੂੰ ਲੈ ਕੇ ਜੋ ਅਸੰਤੁਸ਼ਟੀ ਦਿਖ ਰਹੀ ਹੈ, ਉਹ ਹਾਸੋਹੀਣੀ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿਸਥਾਰ ਲਈ ਇਨ੍ਹਾਂ ਹੀ ਕੰਪਨੀਆਂ ਦੀ ਲੋੜ ਹੋਵੇਗੀ।’’

ਉਨ੍ਹਾਂ ਨੇ ਸਾਈਬਰ ਸੁਰੱਖਿਆ ਅਤੇ ਡਾਟਾ ਸਕ੍ਰਬਿੰਗ ਦੀ ਮਿਸਾਲ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਖੇਤਰਾਂ ’ਚ ਆਈ. ਟੀ. ਕੰਪਨੀਆਂ ਦੀ ਭੂਮਿਕਾ ਅਹਿਮ ਹੋਵੇਗੀ। ਵਪਾਰਕ ਸਮਝੌਤਿਆਂ ’ਤੇ ਗੋਇਲ ਨੇ ਸਪੱਸ਼ਟ ਕੀਤਾ ਕਿ ਅਮਰੀਕਾ ਅਤੇ ਯੂਰਪੀਅਨ ਯੂਨੀਅਨ (ਈ. ਯੂ.) ਨਾਲ ਹੋਏ ਸਮਝੌਤਿਆਂ ’ਚ ਡੇਅਰੀ ਖੇਤਰ, ਕਿਸਾਨਾਂ ਅਤੇ ਸੂਖਮ, ਲਘੂ ਤੇ ਦਰਮਿਆਨੇ ਉਦਯੋਗਾਂ (ਐੱਮ. ਐੱਸ. ਐੱਮ. ਈ.) ਦੇ ਹਿੱਤਾਂ ਦੀ ਪੂਰੀ ਰੱਖਿਆ ਕੀਤੀ ਗਈ ਹੈ।


author

Harinder Kaur

Content Editor

Related News