ਗਲਘਾਨ ਘਾਟੀ ''ਚ ਝੜਪ ਵਾਲੀ ਜਗ੍ਹਾ ਤੋਂ ਇਕ ਕਿਲੋਮੀਟਰ ਪਿੱਛੇ ਹਟੀ ਚੀਨੀ ਫੌਜ
Thursday, Jun 25, 2020 - 05:01 PM (IST)
ਲੱਦਾਖ- ਪੂਰਬੀ ਲੱਦਾਖ ਦੀ ਗਲਵਾਨ ਘਾਟੀ 'ਚ ਭਾਰਤ-ਚੀਨ ਦਰਮਿਆਨ ਤਣਾਅ ਘੱਟ ਹੋਣਾ ਸ਼ੁਰੂ ਹੋ ਗਿਆ ਹੈ। ਸੂਤਰਾਂ ਅਨੁਸਾਰ ਚੀਨ ਦੀ ਫੌਜ ਅਤੇ ਵਾਹਨ ਗਲਵਾਨ ਘਾਟੀ 'ਤੇ ਝੜਪ ਵਾਲੀ ਜਗ੍ਹਾ ਤੋਂ ਇਕ ਕਿਲੋਮੀਟਰ ਪਿੱਛੇ ਹੋ ਗਈ ਹੈ। ਗਲਵਾਨ ਘਾਟੀ ਕੋਲ ਚੀਨ ਦੇ ਫੌਜੀਆਂ ਦੀ ਗਿਣਤੀ 'ਚ ਕਮੀ ਦੇਖੀ ਗਈ ਹੈ। ਗਲਵਾਨ ਘਾਟੀ 'ਚ ਝੜਪ ਤੋਂ ਬਾਅਦ ਇਹ ਪਹਿਲੀ ਵਾਰ ਹੈ, ਜਦੋਂ ਚੀਨ ਦੀ ਫੌਜ ਪਿੱਛੇ ਹਟੀ ਹੈ। ਭਾਰਤ ਅਤੇ ਚੀਨ ਦਰਮਿਆਨ ਗੱਲਬਾਤ ਤੋਂ ਬਾਅਦ ਗਲਵਾਨ ਘਾਟੀ ਕੋਲ ਚੀਨੀ ਫੌਜ ਅਤੇ ਵਾਹਨਾਂ ਦੀ ਕਮੀ ਦੇਖਣ ਨੂੰ ਮਿਲੀ ਹੈ।
ਦਰਅਸਲ ਪਿਛਲੇ ਕੁਝ ਦਿਨਾਂ ਤੋਂ ਚੀਨ ਗਲਵਾਨ ਘਾਟੀ 'ਤੇ ਦਾਅਵਾ ਕਰ ਰਿਹਾ ਹੈ ਪਰ ਭਾਰਤ ਇਸ ਨੂੰ ਅਜਿਹਾ ਦਾਅਵਾ ਦੱਸ ਰਿਹਾ ਹੈ, ਜਿਸ 'ਚ ਕੋਈ ਤੱਥ ਨਹੀਂ ਹੈ। ਪੇਂਗੋਂਗ ਸੋ ਅਤੇ ਗਲਵਾਨ ਘਾਟੀ ਤੋਂ ਇਲਾਵਾ ਦੋਹਾਂ ਦੇਸ਼ਾਂ ਦੀਆਂ ਫੌਜਾਂ ਦਰਮਿਆਨ ਪੂਰਬੀ ਲੱਦਾਖ ਦੇ ਦੇਮਚੋਕ, ਗੋਗਰਾ ਹਾਟ ਸਪ੍ਰਿੰਗ ਅਤੇ ਦੌਲਤ ਬੇਗ ਓਲਡੀ 'ਚ ਵੀ ਗਤੀਰੋਧ ਜਾਰੀ ਹੈ। ਵੱਡੀ ਗਿਣਤੀ 'ਚ ਚੀਨੀ ਫੌਜ ਦੇ ਜਵਾਨ ਅਸਲ ਕੰਟਰੋਲ ਰੇਖਾ 'ਤੇ ਭਾਰਤ ਵੱਲ ਆ ਗਏ ਸਨ। ਇਸ ਤਣਾਅ ਨੂੰ ਘੱਟ ਕਰਨ ਲਈ ਦੋਹਾਂ ਦੇਸ਼ਾਂ ਦਰਮਿਆਨ ਫੌਜ ਪੱਧਰ ਅਤੇ ਡਿਪਲੋਮੈਟ ਪੱਘਰ 'ਤੇ ਕਈ ਮੀਟਿੰਗਾਂ ਹੋਈਆਂ ਸਨ। ਇਸ ਦੌਰਾਨ ਦੋਵੇਂ ਦੇਸ਼ ਸਰਹੱਦ 'ਤੇ ਤਣਾਅ ਘੱਟ ਕਰਨ ਲਈ ਰਾਜ਼ੀ ਹੋਏ ਸਨ।
ਦੱਸਣਯੋਗ ਹੈ ਕਿ 15 ਜੂਨ ਦੀ ਰਾਤ ਨੂੰ ਗਲਵਾਨ ਘਾਟੀ 'ਚ ਭਾਰਤ ਅਤੇ ਚੀਨ ਦੀ ਫੌਜ ਦਰਮਿਆਨ ਹਿੰਸਕ ਝੜਪ ਹੋਈ ਸੀ। ਇਸ 'ਚ ਭਾਰਤੀ ਪੌਜ ਦੇ ਕਰਨਲ ਸੰਤੋਸ਼ ਬਾਬੂ ਸਮੇਤ 20 ਜਵਾਨ ਸ਼ਹੀਦ ਹੋ ਗਏ ਸਨ। ਸੂਤਰਾਂ ਅਨੁਸਾਰ ਹਿੰਸਕ ਝੜਪ 'ਚ ਚੀਨ ਦੇ ਕਰੀਬ 40 ਜਵਾਨ ਮਾਰੇ ਗਏ ਸਨ। ਹਾਲਾਂਕਿ ਚੀਨ ਨੇ ਆਪਣੇ ਜਵਾਨਾਂ ਦੇ ਮਾਰੇ ਜਾਣ ਦਾ ਕੋਈ ਅਧਿਕਾਰਤ ਅੰਕੜਾ ਜਾਰੀ ਨਹੀਂ ਕੀਤਾ ਹੈ।