ਕਾਮਰਾ ਨੂੰ ਵਿਦੇਸ਼ ਸਥਿਤ ਭਾਰਤ ਵਿਰੋਧੀ ਸੰਗਠਨਾਂ ਤੋਂ ਮਿਲਦੈ ਚੰਦਾ : ਸੰਜੇ ਨਿਰੂਪਮ
Sunday, Mar 30, 2025 - 09:01 AM (IST)

ਮੁੰਬਈ (ਏਜੰਸੀ)- ਸ਼ਿਵ ਸੈਨਾ ਆਗੂ ਸੰਜੇ ਨਿਰੂਪਮ ਨੇ ਸ਼ਨੀਵਾਰ ਨੂੰ ਦੋਸ਼ ਲਾਇਆ ਕਿ ਕਾਮੇਡੀਅਨ ਕੁਣਾਲ ਕਾਮਰਾ (36) ਨੂੰ ਵਿਦੇਸ਼ਾਂ ਵਿਚ ਸਥਿਤ ਭਾਰਤ ਵਿਰੋਧੀ ਸੰਗਠਨਾਂ ਤੋਂ ਚੰਦਾ ਮਿਲ ਰਿਹਾ ਹੈ। ਨਿਰੂਪਮ ਨੇ ਇੱਥੇ ਇਕ ਪ੍ਰੈੱਸ ਕਾਨਫਰੰਸ ਵਿਚ ਦਾਅਵਾ ਕੀਤਾ ਕਿ ਕਾਮਰਾ ਨੂੰ ਕੈਨੇਡਾ, ਆਸਟ੍ਰੇਲੀਆ, ਅਮਰੀਕਾ, ਸਾਊਦੀ ਅਰਬ ਅਤੇ ਹੋਰ ਅਰਬ ਦੇਸ਼ਾਂ ਦੇ ਦਾਨੀਆਂ ਰਾਹੀਂ 4 ਕਰੋੜ ਰੁਪਏ ਮਿਲੇ ਹਨ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਲੋਕ ਜੋ ਪੈਸੇ ਭੇਜ ਰਹੇ ਹਨ, ਉਹ ਇਕੋ ਭਾਈਚਾਰੇ ਦੇ ਲੋਕ ਹਨ। ਕੀ ਉਨ੍ਹਾਂ (ਕੁਣਾਲ ਕਾਮਰਾ) ਨੂੰ ਮਦਦ ਲਈ ਕੋਈ ਫਤਵਾ ਜਾਰੀ ਕੀਤਾ ਗਿਆ ਹੈ?
ਕਾਮਰਾ ਉਪ ਮੁੱਖ ਮੰਤਰੀ ਅਤੇ ਸ਼ਿਵ ਸੈਨਾ ਮੁਖੀ ਏਕਨਾਥ ਸ਼ਿੰਦੇ ’ਤੇ ਨਿਸ਼ਾਨਾ ਵਿੰਨ੍ਹਣ ਤੋਂ ਬਾਅਦ ਮਹਾਰਾਸ਼ਟਰ ਵਿਚ ਸਿਆਸੀ ਵਿਵਾਦ ਵਿਚ ਘਿਰ ਗਏ ਹਨ। ਕਾਮਰਾ ਨੇ ਇਕ ਸ਼ੋਅ ਦੌਰਾਨ ਸ਼ਿੰਦੇ ’ਤੇ ਟਿੱਪਣੀਆਂ ਕੀਤੀਆਂ ਸਨ, ਜਿਸ ਤੋਂ ਬਾਅਦ ਸ਼ਿਵ ਸੈਨਿਕਾਂ ਨੇ ਉਸ ਸਟੂਡੀਓ ਦੀ ਭੰਨ-ਤੋੜ ਕੀਤੀ ਜਿੱਥੇ ਸ਼ੋਅ ਹੋਇਆ ਸੀ। ਸੰਜੇ ਨਿਰੂਪਮ ਨੇ ਕਿਹਾ ਕਿ ਕਾਮਰਾ ਵਿਰੁੱਧ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਜਾ ਸਕਦਾ ਹੈ। ਅਸੀਂ ਦੇਸ਼ਧ੍ਰੋਹੀਆਂ ਅਤੇ ਭਾਰਤ ਵਿਰੋਧੀ ਸੰਗਠਨਾਂ ਤੋਂ ਪੈਸੇ ਲੈਣ ਅਤੇ ਦੇਸ਼ ਨੂੰ ਬਦਨਾਮ ਕਰਨ ਲਈ ਕੇਂਦਰੀ ਏਜੰਸੀਆਂ ਨੂੰ ਉਸ ਦੇ ਵਿਰੁੱਧ ਸ਼ਿਕਾਇਤ ਕਰਾਂਗੇ। ਕੁਣਾਲ ਕਾਮਰਾ ਹੁਣ ਬਚ ਨਹੀਂ ਸਕਦਾ।