ਵਿਰੋਧੀ ਧਿਰ ਦਾ ਨੇਤਾ ਜਿਸ ਨੂੰ ਚੁੱਪ ਨਹੀਂ ਕਰਵਾਇਆ ਜਾ ਸਕਦਾ
Wednesday, Feb 18, 2026 - 11:26 PM (IST)
ਨੈਸ਼ਨਲ ਡੈਸਕ- ਸੱਚਾਈ ਇਹ ਹੈ ਕਿ ਰਾਹੁਲ ਗਾਂਧੀ ਨੇ ਲੋਕ ਸਭਾ ’ਚ ਆਪਣੇ ਲਈ ਇਕ ਥਾਂ ਬਣਾਈ ਹੈ। ਠੀਕ ਉਸੇ ਤਰ੍ਹਾਂ ਜਿਵੇਂ ਉਨ੍ਹਾਂ ਤੋਂ ਪਹਿਲਾਂ ਕਈ ਵਿਰੋਧੀ ਆਗੂਆਂ ਨੇ ਬਣਾਈ ਸੀ।
ਫਰਵਰੀ 2026 ’ਚ ਬਜਟ ਸੈਸ਼ਨ ਦੇ ਪਹਿਲੇ ਹਿੱਸੇ ਦੌਰਾਨ ਜਦੋਂ ਸੱਤਾਧਾਰੀ ਪਾਰਟੀ ਨੂੰ ਉਮੀਦ ਸੀ ਕਿ ਉਹ ਵਿਰੋਧ ਕਰਨਗੇ, ਰੁਕਣਗੇ ਜਾਂ ਪਿੱਛੇ ਹਟਣਗੇ ਪਰ ਰਾਹੁਲ ਗਾਂਧੀ ਨੇ ਕੁਝ ਵੱਖਰਾ ਹੀ ਕੀਤਾ। ਉਨ੍ਹਾਂ ਹਾਊਸ , ਕੈਮਰਿਆਂ ਤੇ ਸੱਤਾਧਾਰੀ ਪਾਰਟੀ ਨੂੰ ਉਨ੍ਹਾਂ ਨੂੰ ਰੋਕਣ ਦੀ ਚੁਣੌਤੀ ਦਿੱਤੀ ਤੇ ਆਪਣੇ ਹਮਲਿਆਂ ਨੂੰ ਸਰਕਾਰ ਤੱਕ ਹੀ ਸੀਮਤ ਨਹੀਂ ਰੱਖਿਆ।
ਜਿਸ ਗੱਲ ਨੇ ਬਹੁਤਿਆਂ ਨੂੰ ਹੈਰਾਨ ਕੀਤਾ, ਉਹ ਹੈ ਟੈਲੀਵਿਜ਼ਨ ਚੈਨਲਾਂ ’ਤੇ ਉਨ੍ਹਾਂ ਦਾ ਨਵਾਂ ਤੇ ਸਿੱਧਾ ਹਮਲਾ। ਮਾਈਕ੍ਰੋਫ਼ੋਨ ਹੁਣ ਇਕ ਬਾਈਟ ਲਈ ਉਨ੍ਹਾਂ ਵੱਲ ਦੌੜਦੇ ਹਨ। ਉਨ੍ਹਾਂ ਨੂੰ ਬਹੁਤ ਕੁਝ ਸੁਣਨਾ ਪੈਂਦਾ ਹੈ। ਉਹ ਉਨ੍ਹਾਂ ਨੂੰ ‘ਟਿਊਟਰਡ’ ਕਹਿੰਦੇ ਹਨ। ਉਹ ਉਨ੍ਹਾਂ ਨੂੰ ‘ਗੋਦੀ ਮੀਡੀਆ’ ਕਹਿੰਦੇ ਹਨ, ਜੋ ਉਨ੍ਹਾਂ ਅਨੁਸਾਰ ਇਕ ਸਕ੍ਰਿਪਟਡ ਈਕੋ-ਸਿਸਟਮ ਅਨੁਸਾਰ ਚੱਲਣ ਤੋਂ ਇਨਕਾਰ ਕਰਦੇ ਹਨ।
ਅਜਿਹਾ ਲਗਦਾ ਹੈ ਕਿ ਰਾਹੁਲ ਹੁਣ ਆਪਣੇ ਮਨ ਦੀ ਗੱਲ ਕਹਿਣ ਦੀ ਇਜਾਜ਼ਤ ਨਹੀਂ ਮੰਗ ਰਹੇ। ਕੋਈ ਵੀ ਮਜ਼ਾਕ, ਰੁਕਾਵਟ, ਨਿੱਜੀ ਹਮਲਾ, ਵਿਸ਼ੇਸ਼ ਅਧਿਕਾਰ ਜਾਂ ਹੋਰ ਸਰਗਰਮੀ ਉਨ੍ਹਾਂ ਨੂੰ ਪਰੇਸ਼ਾਨ ਨਹੀਂ ਕਰਦੀ। ਸੱਤਾਧਾਰੀ ਪਾਰਟੀ ਨੇ ਕਈ ਤਰ੍ਹਾਂ ਦੀ ਰਣਨੀਤੀ ਅਪਣਾਈ ਹੈ- ਪ੍ਰਕਿਰਿਆਤਮਕ ਤਕਨੀਕੀ ਗੱਲਾਂ, ਤਿੱਖੇ ਜਵਾਬ, ਹਮਲਾਵਰ ਜਵਾਬੀ ਹਮਲੇ। ਇਹ ਸਭ ਉਨ੍ਹਾਂ ਨੂੰ ਘੇਰਨ, ਉਨ੍ਹਾਂ ਦੀ ਆਵਾਜ਼ ਨੂੰ ਚੁੱਪ ਕਰਾਉਣ ਜਾਂ ਉਨ੍ਹਾਂ ਨੂੰ ਗਲਤ ਕਦਮਾਂ ਲਈ ਉਕਸਾਉਣ ਲਈ ਤਿਆਰ ਕੀਤੇ ਗਏ ਹਨ। ਫਿਰ ਵੀ ਉਹ ਰੌਲੇ-ਰੱਪੇ ਦਰਮਿਆਨ ਅੱਗੇ ਵਧਦੇ ਰਹਿੰਦੇ ਹਨ।
ਹਰ ਬਹਿਸ ’ਚ ਉਹ ਨੀਤੀਗਤ ਬਿੰਦੂਆਂ ਤੋਂ ਵੀ ਡੂੰਘਾ ਕੁਝ ਦੱਸਣ ’ਚ ਸਫਲ ਰਹੇ ਹਨ। ਇਹ ਇਕ ਸੁਨੇਹਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਪਹਿਲਾਂ ਕਦੇ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਉਨ੍ਹਾਂ ਨੂੰ ਚੁੱਪ ਕਰਾਇਆ ਗਿਆ, ਪਾਸੇ ਕਰ ਦਿੱਤਾ ਗਿਆ, ਘੱਟ ਸਮਝਿਆ ਗਿਆ । ਹੁਣ ਉਡੀਕ ਕਰਨ ਦਾ ਸਮਾਂ ਖਤਮ ਹੋ ਗਿਆ ਹੈ। ਜੋ ਚੀਜ਼ ਉਨ੍ਹਾਂ ਨੂੰ ‘ਅਟੱਲ’ ਬਣਾਉਂਦੀ ਹੈ , ਉਹ ਸਿਰਫ ਉਨ੍ਹਾਂ ਦੀ ਆਵਾਜ਼ ਨਹੀਂ ਸਗੋਂ ਉਨ੍ਹਾਂ ਦੀ ਦ੍ਰਿੜਤਾ ਹੈ।
ਰਾਹੁਲ ਗਾਂਧੀ ਹੁਣ ਇਕ ਝਿਜਕਣ ਵਾਲੇ ਸਿਆਸਤਦਾਨ ਨਹੀਂ ਸਗੋਂ ਇਕ ਅਜਿਗਾ ਇਨਸਾਨ ਹਨ ਜੋ ਉਸ ਥਾਂ ’ਤੇ ਕਬਜ਼ਾ ਕਰਨ ਲਈ ਦ੍ਰਿੜ ਹੈ ਜਿਸ ਨੂੰ ਇਤਿਹਾਸ ਨੇ ਨਕਾਰਿਆ ਹੈ। ਇਸ ਸੈਸ਼ਨ ’ਚ ਸੁਰਖੀਆਂ ਨੇ ਰਾਹੁਲ ਨੂੰ ਨਹੀਂ ਲੱਭਿਆ, ਰਾਹੁਲ ਨੇ ਖੁੱਦ ਉਨ੍ਹਾਂ ਨੂੰ ਹਾਸਲ ਕੀਤਾ।
