ਗ਼ੈਰ-ਕਾਨੂੰਨੀ ਰੇਤ ਮਾਈਨਿੰਗ ਦਾ ਭਖਿਆ ਮਾਮਲਾ, ਵਿਰੋਧੀ ਪਾਰਟੀਆਂ ਨੇ ‘ਆਪ’ ਸਰਕਾਰ ਵਿਰੁੱਧ ਖੋਲ੍ਹਿਆ ਮੋਰਚਾ
Monday, Feb 23, 2026 - 10:50 AM (IST)
ਅਜਨਾਲਾ (ਬਾਠ)- ਰਾਵੀ ਦਰਿਆ ਦੀ ਡੀ-ਸਿਲਟਿੰਗ ਦੇ ਨਾਮ ’ਤੇ ਅਜਨਾਲਾ ਦੇ ਪਿੰਡ ਘੋਨੇਵਾਲ ਅਤੇ ਪਿੰਡ ਚਾਹੜਪੁਰ ਨੇੜਿਓਂ ਰਾਵੀ ਦਰਿਆ ਵਿਚੋਂ ਕੀਤੀ ਜਾ ਰਹੀ ਕਥਿਤ ਗ਼ੈਰ-ਕਾਨੂੰਨੀ ਮਾਈਨਿੰਗ ਦਾ ਮੁੱਦਾ ਹੋਰ ਭਖਦਾ ਜਾ ਰਿਹਾ ਹੈ। ਇਸ ਮਾਮਲੇ ’ਤੇ ਜਿੱਥੇ ਵਿਧਾਇਕ ਕੁਲਦੀਪ ਧਾਲੀਵਾਲ ਸਮੇਤ ਸਿੰਚਾਈ ਵਿਭਾਗ ਅਤੇ ਸਥਾਨਕ ਪੁਲਸ ਪ੍ਰਸ਼ਾਸਨ ਦੀ ਲੰਮੀ ਚੁੱਪ ਹੈ, ਉੱਥੇ ਵਿਰੋਧੀ ਧਿਰ ਦੇ ਆਗੂਆਂ ਨੇ ਸਰਕਾਰ ਨੂੰ ਘੇਰਨ ਦੀ ਪੂਰੀ ਤਿਆਰੀ ਕਰ ਲਈ ਹੈ। ਜਿਨ੍ਹਾਂ ਵਿਚ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਭਾਜਪਾ ਆਗੂ ਬੋਨੀ ਅਮਰਪਾਲ ਸਿੰਘ ਅਜਨਾਲਾ, ਅਕਾਲੀ ਦਲ ਦੇ ਜੋਧ ਸਿੰਘ ਸਮਰਾ ਅਤੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਖੁੱਲ੍ਹ ਕੇ ਵਿਰੋਧ ਕੀਤਾ ਹੈ।
ਇਹ ਵੀ ਪੜ੍ਹੋ- ਪੰਜਾਬ: ਡਿਊਟੀ 'ਤੇ ਤਾਇਨਾਤ 2 ਮੁਲਾਜ਼ਮਾਂ ਦੀ ਸ਼ੱਕੀ ਹਾਲਾਤ 'ਚ ਮੌਤ, ਚੈਕ ਪੋਸਟ ਦੇ ਅੰਦਰੋਂ ਮਿਲੀਆਂ ਲਾਸ਼ਾਂ
ਜਾਂਚ ਦੀ ਮੰਗ : ਔਜਲਾ
ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਡੀ-ਸਿਲਟਿੰਗ ਦੇ ਨਾਮ ਹੇਠ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਲੋਕ ਪਹਿਲਾਂ ਹੀ ਦੁਖੀ ਹਨ ਅਤੇ ਦਰਿਆ ਵਿਚੋਂ ਗ਼ੈਰ-ਕਾਨੂੰਨੀ ਰੇਤ ਕੱਢਣਾ ਉਨ੍ਹਾਂ ਨਾਲ ਸਰਾਸਰ ਧੱਕਾ ਹੈ।
ਇਹ ਵੀ ਪੜ੍ਹੋ- ਪੰਜਾਬ ਪੁਲਸ ਮੁਲਾਜ਼ਮਾਂ ਦੀ ਸ਼ੱਕੀ ਹਾਲਾਤ 'ਚ ਮੌਤ ਹੋਣ ਦੇ ਮਾਮਲੇ 'ਚ SSP ਦਾ ਬਿਆਨ
ਭ੍ਰਿਸ਼ਟਾਚਾਰ ਦੇ ਇਲਜ਼ਾਮ: ਬੋਨੀ ਅਜਨਾਲਾ
ਭਾਜਪਾ ਆਗੂ ਬੋਨੀ ਅਜਨਾਲਾ ਨੇ ਗੰਭੀਰ ਇਲਜ਼ਾਮ ਲਾਉਂਦਿਆਂ ਕਿਹਾ ਕਿ ਘੋਨੇਵਾਲ ਨੇੜੇ ਕੈਮਰੇ ਬੰਦ ਕਰਕੇ ਦਿਨ-ਰਾਤ 200 ਤੋਂ ਵੱਧ ਟਿੱਪਰ ਕੱਢੇ ਜਾ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਸ ਦੀ ਕਮਾਈ ਦਾ ਹਿੱਸਾ ਸਿਆਸੀ ਆਗੂਆਂ ਅਤੇ ਅਧਿਕਾਰੀਆਂ ਵਿਚ ਵੰਡਿਆ ਜਾ ਰਿਹਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਉਹ 10 ਦਿਨਾਂ ਦੇ ਅੰਦਰ ਸਾਰੇ ਜ਼ਿਲਾ ਮੀਡੀਆ ਨੂੰ ਨਾਲ ਲੈ ਕੇ ਇਸ ਮਾਫ਼ੀਏ ਦਾ ਪਰਦਾਫ਼ਾਸ਼ ਕਰਨਗੇ।
ਅਕਾਲੀ ਆਗੂ ਜੋਧ ਸਿੰਘ ਸਮਰਾ ਨੇ ਕਿਹਾ ਕਿ ਖੁਦਾਈ ਸੰਬੰਧੀ ਸਾਰੀ ਜਾਣਕਾਰੀ ਜਨਤਕ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੱਤਾ ਦੇ ਨਸ਼ੇ ਵਿਚ ਕਾਨੂੰਨ ਦੀ ਦੁਰਵਰਤੋਂ ਕਰਕੇ ਕੁਦਰਤੀ ਸਰੋਤਾਂ ਦਾ ਘਾਣ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਹੋਵੇ।
ਇਹ ਵੀ ਪੜ੍ਹੋ- ਪੰਜਾਬ ਪੁਲਸ ਮੁਲਾਜ਼ਮਾਂ ਦੀ ਮੌਤ ਮਗਰੋਂ ਦੋਵੇਂ ਪਰਿਵਾਰਾਂ ਨੇ ਰੱਖਿਆ ਪੱਖ, ਕਿਹਾ- ਡਿਊਟੀ 'ਤੇ ਹੋਈ ਮੌਤ ਲਈ...
ਕੁਦਰਤੀ ਸਰੋਤਾਂ ਨਾਲ ਖਿਲਵਾੜ: ਹਰਪ੍ਰਤਾਪ ਅਜਨਾਲਾ
ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਦਰਿਆ ਦੀ ਖੁਦਾਈ ਦਾ ਪ੍ਰਾਜੈਕਟ ਲੋਕਾਂ ਦੀ ਸਹਿਮਤੀ ਨਾਲ ਬਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੱਤਾ ’ਤੇ ਕਾਬਜ਼ ਲੋਕ ਹੜ੍ਹ ਪ੍ਰਭਾਵਿਤ ਲੋਕਾਂ ਦੀਆਂ ਮੁਸ਼ਕਲਾਂ ਨੂੰ ਅੱਖੋਂ-ਪਰੋਖੇ ਕਰਕੇ ਕੁਦਰਤੀ ਸਰੋਤਾਂ ਨਾਲ ਖਿਲਵਾੜ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
