ਭਾਰਤ ਵਿਰੁੱਧ ਜ਼ਿੰਬਾਬਵੇ ਨੂੰ ਸਮਾਰਟ ਕ੍ਰਿਕਟ ਖੇਡਣੀ ਪਵੇਗੀ : ਕੋਚ ਸੈਮਨਸ
Wednesday, Feb 25, 2026 - 11:27 AM (IST)
ਮੁੰਬਈ– ਜ਼ਿੰਬਾਬਵਾ ਦਾ ਮੁੱਖ ਕੋਚ ਜਸਟਿਨ ਸੈਮਨਸ ਜਾਣਦਾ ਹੈ ਕਿ ਭਾਰਤ ਉਸ ਵਿਰੁੱਧ ਵੀਰਵਾਰ ਨੂੰ ਟੀ-20 ਵਿਸ਼ਵ ਕੱਪ ਦੇ ਸੁਪਰ-8 ਮੁਕਾਬਲੇ ’ਚ ਹਮਲਾਵਰ ਰੁਖ਼ ਅਪਣਾਏਗਾ ਪਰ ਉਸ ਦਾ ਮੰਨਣਾ ਹੈ ਕਿ ਵੈਸਟਇੰਡੀਜ਼ ਹੱਥੋਂ ਮਿਲੀ ਕਰਾਰੀ ਹਾਰ ਤੋਂ ਮਿਲੇ ਸਬਕ ਤੋਂ ਬਾਅਦ ਉਸ ਦੀ ਕਮਜ਼ੋਰ ਮੰਨੀ ਜਾਣ ਵਾਲੀ ਟੀਮ ਇਸ ਮਹੱਤਵਪੂਰਨ ਮੈਚ ਲਈ ਪੂਰੀ ਤਰ੍ਹਾਂ ਤਿਆਰ ਰਹੇਗੀ। ਉਸ ਨੇ ਕਿਹਾ ਕਿ ਇਸ ਮਹੱਤਵਪੂਰਨ ਮੈਚ ਵਿਚ ਜ਼ਿੰਬਾਬਵੇ ਨੂੰ ਸਮਾਰਟ ਕ੍ਰਿਕਟ ਖੇਡਣੀ ਪਵੇਗੀ।
ਵੈਸਟਇੰਡੀਜ਼ ਨੇ ਸੋਮਵਾਰ ਨੂੰ ਇੱਥੇ ਖੇਡੇ ਗਏ ਸੁਪਰ-8 ਦੇ ਮੈਚ ’ਚ ਜ਼ਿੰਬਾਬਵੇ ਨੂੰ 107 ਦੌੜਾਂ ਨਾਲ ਕਰਾਰੀ ਹਾਰ ਦਿੱਤੀ। ਭਾਰਤ ਨੂੰ ਵੀ ਆਪਣੇ ਪਹਿਲੇ ਮੈਚ ’ਚ ਦੱਖਣੀ ਅਫਰੀਕਾ ਹੱਥੋਂ 83 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਸੈਮਨਸ ਨੂੰ ਲੱਗਦਾ ਹੈ ਕਿ ਭਾਰਤੀ ਟੀਮ ਉਨ੍ਹਾਂ ਵਿਰੁੱਧ ਸ਼ੁਰੂ ਤੋਂ ਹੀ ਹਾਵੀ ਹੋ ਕੇ ਖੇਡਣ ਦੀ ਕੋਸ਼ਿਸ਼ ਕਰੇਗੀ।
ਸੈਮਨਸ ਨੇ ਕਿਹਾ, ‘‘ਅਸੀਂ ਜਾਣਦੇ ਹਾਂ ਕਿ ਭਾਰਤ ਕਿਸ ਤਰ੍ਹਾਂ ਨਾਲ ਖੇਡੇਗਾ ਤੇ ਉਨ੍ਹਾਂ ਦਾ ਤਰੀਕਾ ਵੀ ਉਸੇ ਤਰ੍ਹਾਂ ਦੀ ਹੀ ਹੋਵੇਗਾ ਜਿਵੇਂ ਕਿ ਵੈਸਟਇੰਡੀਜ਼ ਨੇ ਅਪਣਾਇਆ। ਉਹ (ਭਾਰਤ) ਕੋਈ ਕਸਰ ਨਹੀਂ ਛੱਡਣਗੇ।’’
