ਡਾਕਟਰਾਂ ਦੀ ਕੁੱਟਮਾਰ ਦੇ ਵਧਦੇ ਮਾਮਲਿਆਂ ਤੋਂ ਦੁਖੀ ਹੋ ਕੇ ਸਰਜਨ ਨੇ ਖੋਲ੍ਹਿਆ ਬਿਊਟੀ ਪਾਰਲਰ

Saturday, Sep 15, 2018 - 01:24 AM (IST)

ਕੋਲਕਾਤਾ— ਡਾਕਟਰਾਂ ਅਤੇ ਜਨਤਾ ਦਰਮਿਆਨ ਝੜਪ ਤੋਂ ਬਾਅਦ ਅਕਸਰ ਡਾਕਟਰਾਂ ਦੀ ਹੜਤਾਲ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ ਪਰ ਤੁਸੀਂ ਸ਼ਾਇਦ ਹੀ ਕਦੀ ਸੁਣਿਆ ਹੋਵੇ ਕਿ ਡਾਕਟਰਾਂ 'ਤੇ ਹਮਲੇ ਦੀਆਂ ਘਟਨਾਵਾਂ ਤੋਂ ਦੁਖੀ ਹੋ ਕੇ ਕੋਈ ਡਾਕਟਰ ਰੋਜ਼ੀ-ਰੋਟੀ ਲਈ ਦੂਜੇ ਪੇਸ਼ੇ ਵੱਲ ਰੁਖ ਕਰ ਸਕਦਾ ਹੈ। ਜੀ ਹਾਂ, ਪੱਛਮ ਬੰਗਾਲ ਵਿਚ ਅਜਿਹਾ ਹੀ ਹੋਇਆ ਹੈ, ਜਿਥੇ ਡਾਕਟਰਾਂ ਦੀ ਕੁੱਟਮਾਰ ਦੇ ਵਧਦੇ ਮਾਮਲਿਆਂ ਤੋਂ ਦੁਖੀ ਹੋ ਕੇ ਇਕ ਸਰਜਨ ਨੇ ਰੋਜ਼ਗਾਰ ਲਈ ਨਵਾਂ ਬਦਲ ਚੁਣਿਆ ਹੈ।

ਸੂਬੇ ਦੇ ਉੱਤਰ 24 ਪਰਗਨਾ ਜ਼ਿਲੇ ਦੇ ਬਾਰਾਸਾਤ ਕਸਬੇ ਦੇ ਆਰਥੋਪੈਡਿਕ ਸਰਜਨ ਡਾਕਟਰ ਨੀਲਾਂਦਰੀ ਬਿਸਵਾਸ ਨੇ ਡਾਕਟਰੀ ਦੇ ਪੇਸ਼ੇ ਨੂੰ ਛੱਡ ਕੇ ਹੁਣ ਇਕ ਯੂਨੀਸੈਕਸ ਬਿਊਟੀ ਪਾਰਲਰ ਖੋਲ੍ਹਿਆ ਹੈ। ਕੁਝ ਦਿਨ ਪਹਿਲਾਂ ਵੈਸਟ ਬੰਗਾਲ ਡਾਕਟਰਸ ਫੋਰਮ ਨਾਂ ਦੇ ਫੇਸਬੁਕ ਪੇਜ ਰਾਹੀਂ ਡਾ. ਬਿਸਵਾਸ ਨੇ ਆਪਣੇ ਇਰਾਦਿਆਂ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਸੀ ਕਿ ਹਸਪਤਾਲਾਂ ਵਿਚ ਡਾਕਟਰਾਂ ਦੀ ਕੁੱਟਮਾਰ ਅਤੇ ਉਨ੍ਹਾਂ ਨੂੰ ਕਾਨੂੰਨੀ ਰੂਪ ਨਾਲ ਸ਼ਰਮਿੰਦਾ ਕਰਨ ਦੇ ਵਧਦੇ ਮਾਮਲਿਆਂ ਕਾਰਨ ਉਹ ਇਕ-ਦੂਜੇ ਪ੍ਰੋਫੈਸ਼ਨ ਵਿਚ ਆਪਣਾ ਭਵਿੱਖ ਲੱਭ ਰਹੇ ਹਨ।

ਬਿਸਵਾਸ ਦੇ ਬਿਊਟੀ ਪਾਰਲਰ ਦਾ ਬੀਤੇ ਐਤਵਾਰ ਨੂੰ ਉਦਘਾਟਨ ਕੀਤਾ ਗਿਆ। ਇਸ ਪਾਰਲਰ ਵਿਚ ਡਾਕਟਰਾਂ ਲਈ ਛੋਟ ਰੱਖੀ ਗਈ ਹੈ। ਸਿਹਤ ਵਿਭਾਗ ਅਤੇ ਉਨ੍ਹਾਂ ਦੇ ਮੈਂਬਰਾਂ ਨੂੰ ਇਥੇ 30 ਫੀਸਦੀ ਛੋਟ ਦਿੱਤੀ ਜਾਂਦੀ ਹੈ। ਪੱਛਮੀ ਬੰਗਾਲ ਐਸੋਸੀਏਸ਼ਨ ਦੇ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਬਿਸਵਾਸ ਨੇ ਕੋਲਕਾਤਾ ਦੇ ਐੱਨ. ਆਰ. ਐੱਸ. ਮੈਡੀਕਲ ਕਾਲਜ ਤੋਂ ਐੱਮ. ਬੀ. ਬੀ. ਐੱਸ. ਅਤੇ ਐੱਮ. ਐੱਸ. (ਆਰਥੋਪੈਡਿਕਸ) ਦੀ ਪੜ੍ਹਾਈ ਕੀਤੀ ਸੀ।


Related News