ਨਨ ਰੇਪ ਮਾਮਲੇ ''ਚ ਬਿਸ਼ਪ ਫਰੈਂਕੋ ਮੁਲੱਕਲ ਦੀ ਬਰੀ ਕਰਨ ਸੰਬੰਧੀ ਪਟੀਸ਼ਨ ਖਾਰਜ
Tuesday, Jul 07, 2020 - 06:30 PM (IST)
ਕੋਚੀ- ਕੇਰਲ ਹਾਈ ਕੋਰਟ ਨੇ ਰੇਪ ਦੇ ਦੋਸ਼ੀ ਬਿਸ਼ਪ ਫਰੈਂਕੋ ਮੁਲੱਕਲ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ, ਜਿਸ 'ਚ ਉਸ ਨੇ ਇਕ ਨਨ ਵਲੋਂ ਦਾਇਰ ਯੌਨ ਸ਼ੋਸ਼ਣ ਦੇ ਮਾਮਲੇ 'ਚ ਬਰੀ ਕਰਨ ਦੀ ਅਪੀਲ ਕੀਤੀ ਸੀ। ਜੱਜ ਵੀ. ਸ਼ਿਰਸੀ ਨੇ ਜਲੰਧਰ ਖੇਤਰ ਦੇ ਬਿਸ਼ਪ ਨੂੰ ਨਿਰਦੇਸ਼ ਦਿੱਤਾ ਕਿ ਰੇਪ ਮਾਮਲੇ 'ਚ ਉਹ ਸੁਣਵਾਈ ਦਾ ਸਾਹਮਣਾ ਕਰੇ। ਕੇਰਲ 'ਚ ਉਸੇ ਖੇਤਰ ਦੀ ਇਕ ਨਨ ਨੇ ਉਸ ਵਿਰੁੱਧ ਬਲਾਤਕਾਰ ਦਾ ਮਾਮਲਾ ਦਰਜ ਕਰਵਾਇਆ ਸੀ। ਕੋਰਟ ਨੇ ਬਿਸ਼ਪ ਦੀ ਪਟੀਸ਼ਨ ਖਾਰਜ ਕਰਦੇ ਹੋਏ ਇਸਤਗਾਸਾ ਪੱਖ ਦੇ ਇਸ ਤਰਕ ਨੂੰ ਸਵੀਕਾਰ ਕੀਤਾ ਕਿ ਬਲਾਤਕਾਰ ਮਾਮਲੇ 'ਚ ਮੁਲੱਕਲ ਵਿਰੁੱਧ ਪਹਿਲੀ ਨਜ਼ਰ ਸਬੂਤ ਮੌਜੂਦ ਹਨ।
ਇਸ ਸਾਲ ਮਾਰਚ 'ਚ ਹੇਠਲੀ ਅਦਾਲਤ ਵਲੋਂ ਬਰੀ ਕੀਤੇ ਜਾਣ ਦੀ ਪਟੀਸ਼ਨ ਖਾਰਜ ਕਰਨ ਤੋਂ ਬਾਅਦ ਰੋਮਨ ਕੈਥੋਲਿਕ ਗਿਰਜਾਘਰ ਦੇ ਸੀਨੀਅਰ ਪਾਦਰੀ ਨੇ ਸਮੀਖਿਆ ਪਟੀਸ਼ਨ ਦਾਇਰ ਕੀਤੀ। ਬਿਸ਼ਪ ਵਿਰੁੱਧ ਕੋਟਾਯਮ ਜ਼ਿਲ੍ਹੇ 'ਚ ਪੁਲਸ ਨੇ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਸੀ। ਹਾਈ ਕੋਰਟ 'ਚ ਦਾਇਰ ਪਟੀਸ਼ਨ 'ਚ ਪਾਦਰੀ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਪੀੜਤਾ ਨਨ ਤੋਂ ਵਿੱਤੀ ਲੈਣ-ਦੇਣ ਨੂੰ ਲੈ ਕੇ ਸਵਾਲ ਕੀਤਾ ਤਾਂ ਉਸ ਨੇ ਉਨ੍ਹਾਂ ਨੂੰ ਫਸਾ ਦਿੱਤਾ। ਪੁਲਸ ਨੂੰ ਜੂਨ 2018 'ਚ ਦਿੱਤੀ ਗਈ ਸ਼ਿਕਾਇਤ 'ਚ ਨਨ ਨੇ ਦੋਸ਼ ਲਗਾਏ ਸਨ ਕਿ 2014 ਤੋਂ 2016 ਦਰਮਿਆਨ ਬਿਸ਼ਪ ਨੇ ਉਸ ਦਾ ਯੌਨ ਸ਼ੋਸ਼ਣ ਕੀਤਾ।