ਕਰਵਾ ਚੌਥ ਦਾ ਵਰਤ ਰੱਖਣ ''ਚ ਪੁਰਸ਼ ਵੀ ਨਹੀਂ ਪਿੱਛੇ

10/16/2019 12:12:07 PM

ਪ੍ਰਯਾਗਰਾਜ (ਵਾਰਤਾ)— ਪਤੀ ਦੀ ਲੰਬੀ ਉਮਰ ਲਈ ਸਦੀਆਂ ਤੋਂ ਮਨਾਏ ਜਾ ਰਹੇ ਤਿਉਹਾਰ 'ਕਰਵਾ ਚੌਥ' ਆਧੁਨਿਕਤਾ ਦੇ ਇਸ ਦੌਰ 'ਚ ਵੀ ਫਿੱਕਾ ਨਹੀਂ ਪਿਆ ਹੈ। ਸੁਹਾਗਣ ਔਰਤਾਂ ਪਤੀ ਦੀ ਲੰਬੀ ਉਮਰ ਲਈ ਸ਼ਰਧਾ ਅਤੇ ਵਿਸ਼ਵਾਸ ਨਾਲ ਵੀਰਵਾਰ ਭਾਵ ਕੱਲ ਕਰਵਾ ਚੌਥ ਦਾ ਵਰਤ ਰੱਖਣਗੀਆਂ। ਬਦਲਦੇ ਦੌਰ 'ਚ ਪਤਨੀਆਂ ਨਾਲ ਪਤੀ ਵੀ ਆਪਣੇ ਸਫਲ ਵਿਆਹੁਤਾ ਜੀਵਨ ਲਈ ਕਰਵਾ ਚੌਥ ਦਾ ਵਰਤ ਰੱਖਣ ਲੱਗੇ ਹਨ। ਮੋਬਾਈਲ ਫੋਨ ਅਤੇ ਇੰਟਰਨੈੱਟ ਦੇ ਇਸ ਦੌਰ 'ਚ ਕਰਵਾ ਚੌਥ ਪ੍ਰਤੀ ਔਰਤਾਂ 'ਚ ਕਿਸੇ ਵੀ ਪ੍ਰਕਾਰ ਦੀ ਕਮੀ ਨਹੀਂ ਆਈ। 

ਪਤੀ-ਪਤਨੀ ਗ੍ਰਹਿਸਥੀ ਰੂਪੀ ਰੱਥ ਦੇ ਦੋ ਪਹੀਏ—
ਕਲਯੁੱਗ ਦੇ 5 ਹਜ਼ਾਰ ਤੋਂ ਵਧ ਸਾਲ ਬੀਤ ਜਾਣ 'ਤੇ ਵੀ ਇਹ ਤਿਉਹਾਰ ਓਨੀ ਹੀ ਆਸਥਾ ਅਤੇ ਵਿਸ਼ਵਾਸ ਨਾਲ ਮਨਾਇਆ ਜਾਂਦਾ ਹੈ, ਜਿਵੇਂ ਦੁਆਪਰ ਯੁੱਗ 'ਚ ਮਨਾਇਆ ਜਾਂਦਾ ਸੀ। ਕਰਵਾ ਚੌਥ ਵਰਤ ਦੀ ਮਹੱਤਤਾ ਨਾ ਸਿਰਫ ਔਰਤਾਂ ਲਈ ਸਗੋਂ ਪੁਰਸ਼ਾਂ ਲਈ ਵੀ ਹੈ। ਪਤੀ-ਪਤਨੀ ਗ੍ਰਹਿਸਥੀ ਰੂਪੀ ਰੱਥ ਦੇ ਦੋ ਪਹੀਏ ਹਨ। ਕਿਸੇ ਇਕ ਦੇ ਬਿਖਰਣ ਨਾਲ ਪੂਰੀ ਗ੍ਰਹਿਸਥੀ ਟੁੱਟ ਜਾਂਦੀ ਹੈ। ਇਹ ਸਭ ਤੋਂ ਮੁਸ਼ਕਲ ਵਰਤ 'ਚੋਂ ਇਕ ਮੰਨਿਆ ਜਾਂਦਾ ਹੈ। 

ਔਰਤਾਂ ਰੱਖਦੀਆਂ ਹਨ ਨਿਰਜਲਾ ਵਰਤ—
ਇਸ ਦਿਨ ਔਰਤਾਂ ਨਿਰਜਲਾ ਵਰਤ ਰੱਖਦੀ ਹਨ ਅਤੇ ਛਾਣਨੀ ਤੋਂ ਚੰਦਰਮਾ ਨੂੰ ਦੇਖਦੀਆਂ ਹਨ ਅਤੇ ਫਿਰ ਪਤੀ ਦਾ ਚਿਹਰਾ ਦੇਖ ਕੇ ਉਨ੍ਹਾਂ ਦੇ ਹੱਥੋਂ ਪਾਣੀ ਪੀ ਕੇ ਆਪਣਾ ਵਰਤ ਪੂਰਾ ਕਰਦੀਆਂ ਹਨ। ਇਸ ਵਰਤ 'ਚ ਚੰਦਰਮਾ ਨੂੰ ਛਾਣਨੀ ਵਿਚ ਦੇਖਣ ਦਾ ਮਤਲਬ ਹੈ ਕਿ ਪਤੀ-ਪਤਨੀ ਇਕ-ਦੂਜੇ ਦੇ ਦੋਸ਼ਾਂ ਨੂੰ ਛਾਣ ਕੇ ਸਿਰਫ ਗੁਣਾਂ ਨੂੰ ਦੇਖਣ, ਜਿਸ ਨਾਲ ਵਿਆਹੁਤਾ ਰਿਸ਼ਤੇ ਪਿਆਰ ਅਤੇ ਵਿਸ਼ਵਾਸ ਦੀ ਡੋਰ ਨਾਲ ਮਜ਼ਬੂਤੀ ਨਾਲ ਬੱਝੇ ਰਹਿਣ। 

ਕਰਵਾ ਚੌਥ ਸ਼ਬਦ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ—
ਕਰਵਾ ਚੌਥ ਸ਼ਬਦ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ। ਕਰਵਾ ਯਾਨੀ ਕਿ 'ਮਿੱਟੀ ਦਾ ਭਾਂਡਾ' ਅਤੇ ਚੌਥ ਯਾਨੀ 'ਚਤੁਰਥੀ'। ਇਸ ਤਿਉਹਾਰ 'ਤੇ ਮਿੱਟੀ ਦੇ ਭਾਂਡੇ ਯਾਨੀ ਕਰਵੇ ਦਾ ਵਿਸ਼ੇਸ਼ ਮਹੱਤਵ ਮੰਨਿਆ ਗਿਆ ਹੈ। ਇਸ ਵਰਤ ਵਿਚ ਭਗਵਾਨ ਸ਼ਿਵ ਸ਼ੰਕਰ, ਮਾਤਾ ਪਾਰਵਤੀ, ਕਾਰਤੀਕੇਯ, ਗਣੇਸ਼ ਅਤੇ ਚੰਦਰ ਦੇਵਤਾ ਦੀ ਪੂਜਾ ਕੀਤੀ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਕਰਵਾ ਚੌਥ ਦੀ ਕਥਾ ਸੁਣਨ ਨਾਲ ਵਿਆਹੁਤਾ ਔਰਤਾਂ ਦਾ ਸੁਹਾਗ ਬਣਿਆ ਰਹਿੰਦਾ ਹੈ, ਉਨ੍ਹਾਂ ਦੇ ਘਰ ਸੁੱਖ-ਸ਼ਾਂਤੀ ਅਤੇ ਔਲਾਦ ਦਾ ਸੁੱਖ ਮਿਲਦਾ ਹੈ। ਕਰਵਾ ਚੌਥ ਪੰਜਾਬ, ਉੱਤਰ ਪ੍ਰਦੇਸ਼, ਹਰਿਆਣਾ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਸਮੇਤ ਹੋਰ ਕਈ ਪ੍ਰਦੇਸ਼ਾਂ ਵਿਚ ਮਨਾਇਆ ਜਾਂਦਾ ਹੈ।


Tanu

Content Editor

Related News