ਅੱਧੀ ਰਾਤ ਸੜਕ ''ਤੇ ਨੂੰ ਦਰੱਖ਼ਤ ਡਿੱਗਿਆ, ਕਈ ਵਾਹਨਾਂ ਨੂੰ ਨੁਕਸਾਨ, ਜੰਗਲਾਤ ਵਿਭਾਗ ਕੋਲ ਆਰਾ ਵੀ ਨਹੀਂ
Monday, Dec 01, 2025 - 05:28 PM (IST)
ਹਲਵਾਰਾ (ਲਾਡੀ) : ਲੁਧਿਆਣਾ–ਬਠਿੰਡਾ ਰਾਜ ਮਾਰਗ 'ਤੇ ਨੂਰਪੁਰਾ ਦੇ ਨੇੜੇ ਕਈ ਦਿਨਾਂ ਤੋਂ ਟੁੱਟ ਕੇ ਲਟਕ ਰਿਹਾ ਵੱਡਾ ਦਰੱਖ਼ਤ ਆਖ਼ਰ ਅੱਧੀ ਰਾਤ ਨੂੰ ਸੜਕ ਦੇ ਵਿਚਕਾਰ ਆ ਡਿੱਗਿਆ, ਜਿਸ ਨਾਲ ਕਈ ਵਾਹਨਾਂ ਨੂੰ ਨੁਕਸਾਨ ਪਹੁੰਚਿਆ। ਦੇਰ ਰਾਤ ਸੜਕ ਸੁੰਨੀ ਹੋਣ ਕਾਰਨ ਵੱਡਾ ਹਾਦਸਾ ਟਲ ਗਿਆ, ਨਹੀਂ ਤਾਂ ਜਾਨੀ ਨੁਕਸਾਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਸੀ। ਦਰੱਖ਼ਤ ਡਿੱਗਣ ਨਾਲ ਸਕੂਟਰ, ਮੋਟਰਸਾਈਕਲਾਂ ਅਤੇ ਕੁਝ ਕਾਰਾਂ ਦੀ ਟੱਕਰ ਹੋਈ, ਜਿਸ ਨਾਲ ਵਾਹਨ ਚਾਲਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਨੇੜਲੇ ਖੇਤਾਂ ਵਿਚ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਦਰੱਖ਼ਤ ਕਈ ਦਿਨਾਂ ਤੋਂ ਲਟਕਿਆ ਹੋਇਆ ਸੀ ਅਤੇ ਉਹ ਇਸ ਨੂੰ ਹਟਾਉਣ ਲਈ ਅਧਿਕਾਰੀਆਂ ਨੂੰ ਵਾਰ-ਵਾਰ ਸੂਚਿਤ ਕਰ ਚੁੱਕੇ ਸਨ ਪਰ ਜੰਗਲਾਤ ਵਿਭਾਗ ਨੇ ਕੋਈ ਕਾਰਵਾਈ ਨਹੀਂ ਕੀਤੀ।
ਲੋਕਾਂ ਦਾ ਦੋਸ਼ ਹੈ ਕਿ ਜੰਗਲਾਤ ਵਿਭਾਗ ਕੋਲ ਦਰੱਖ਼ਤ ਵੱਢਣ ਲਈ ਮੁੱਢਲੀ ਜ਼ਰੂਰਤ —ਇੱਕ ਆਰਾ ਤੱਕ ਮੌਜੂਦ ਨਹੀਂ ਸੀ। ਨਤੀਜੇ ਵਜੋਂ ਦਰੱਖ਼ਤ ਖ਼ਤਰਾ ਬਣਿਆ ਰਿਹਾ ਅਤੇ ਆਖ਼ਿਰਕਾਰ ਰਾਤ ਨੂੰ ਸੜਕ ਬੰਦ ਹੋ ਗਈ।
ਬੀਟ ਇੰਚਾਰਜ ਦਾ ਪੱਖ
ਜੰਗਲਾਤ ਵਿਭਾਗ ਦੇ ਬੀਟ ਇੰਚਾਰਜ ਅਵਤਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਜਗਰਾਉਂ ਤੋਂ ਆਰਾ ਭੇਜਣ ਲਈ ਕਹਿ ਦਿੱਤਾ ਹੈ ਅਤੇ ਟੀਮ ਦਰੱਖ਼ਤ ਨੂੰ ਪੂਰੀ ਤਰ੍ਹਾਂ ਹਟਾਉਣ ਦੀ ਕਾਰਵਾਈ ਕਰ ਰਹੀ ਹੈ। ਉਨ੍ਹਾਂ ਨੇ ਮੰਨਿਆ ਕਿ ਆਵਾਜਾਈ ਕੁਝ ਘੰਟਿਆਂ ਲਈ ਪ੍ਰਭਾਵਿਤ ਹੋਈ। ਦਰਮਿਆਨ, ਸਵੇਰ ਹੁੰਦਿਆਂ ਇਲਾਕਾ ਨਿਵਾਸੀਆਂ ਅਤੇ ਰਾਹਗੀਰਾਂ ਨੇ ਖੁਦ ਹੀ ਟਾਹਣੀਆਂ ਪਾਸੇ ਕਰਕੇ ਸੜਕ ਨੂੰ ਅਸਥਾਈ ਤੌਰ ‘ਤੇ ਖੋਲ੍ਹਿਆ, ਜਿਸ ਤੋਂ ਬਾਅਦ ਦੁਪਹਿਰ ਤੱਕ ਆਵਾਜਾਈ ਮੁੜ ਚਾਲੂ ਹੋ ਗਈ।
