ਕਾਂਗਰਸ ਨਹੀਂ ਛੱਡਣਗੇ ਕਮਲਨਾਥ, ਉਹ ਨਹੀਂ ਆਉਣਗੇ ED ਜਾਂ CBI ਦੇ ਦਬਾਅ ’ਚ : ਦਿਗਵਿਜੇ ਸਿੰਘ
Sunday, Feb 18, 2024 - 06:41 PM (IST)
ਭੋਪਾਲ, (ਭਾਸ਼ਾ)- ਕਾਂਗਰਸ ਦੇ ਸੀਨੀਅਰ ਨੇਤਾ ਕਮਲਨਾਥ ਦੇ ਭਾਜਪਾ ’ਚ ਸ਼ਾਮਲ ਹੋਣ ਦੀਆਂ ਅਟਕਲਾਂ ਦੇ ਵਿਚਕਾਰ ਉਨ੍ਹਾਂ ਦੀ ਪਾਰਟੀ ਦੇ ਸਹਿਯੋਗੀ ਦਿਗਵਿਜੇ ਸਿੰਘ ਨੇ ਐਤਵਾਰ ਨੂੰ ਕਿਹਾ ਕਿ ਕਮਲਨਾਥ ਨੇ ਆਪਣੀ ਸਿਆਸੀ ਯਾਤਰਾ ਸਭ ਤੋਂ ਪੁਰਾਣੀ ਪਾਰਟੀ ਤੋਂ ਸ਼ੁਰੂ ਕੀਤੀ ਸੀ ਅਤੇ ਉਹ ਇਸ ਨੂੰ ਨਹੀਂ ਛੱਡਣਗੇ। ਸਿੰਘ ਨੇ ਕਿਹਾ ਕਿ ਉਹ ਅਤੇ ਹੋਰ ਕਾਂਗਰਸੀ ਆਗੂ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਦੇ ਸੰਪਰਕ ’ਚ ਹਨ।
ਰਾਜ ਸਭਾ ਮੈਂਬਰ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ, ‘ਅਸੀਂ ਸਾਰੇ ਕਮਲਨਾਥ ਨੂੰ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਜੀ (ਸੰਜੇ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੋਂ ਬਾਅਦ) ਦਾ ਤੀਜਾ ਪੁੱਤਰ ਮੰਨਦੇ ਹਾਂ।' ਸਿੰਘ ਨੇ ਕਿਹਾ, ‘ਕਮਲਨਾਥ ਹਮੇਸ਼ਾ ਕਾਂਗਰਸ ਦੇ ਨਾਲ ਰਹੇ ਹਨ। ਉਹ ਇਕ ਸੱਚਾ ਕਾਂਗਰਸੀ ਆਗੂ ਹੈ। ਉਨ੍ਹਾਂ ਨੇ ਮੁੱਖ ਮੰਤਰੀ, ਕੇਂਦਰੀ ਮੰਤਰੀ, ਏ.ਆਈ.ਸੀ.ਸੀ. ਜਨਰਲ ਸਕੱਤਰ ਅਤੇ ਐੱਮ.ਪੀ. ਕਾਂਗਰਸ ਪ੍ਰਧਾਨ ਸਮੇਤ ਸਾਰੇ ਅਹੁਦੇ ਹਾਸਲ ਕੀਤੇ ਹਨ। ਉਨ੍ਹਾਂ ਕਿਹਾ, ‘ਕਮਲਨਾਥ ਦਾ ਕਿਰਦਾਰ ਅਜਿਹਾ ਹੈ ਕਿ ਉਹ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.), ਇਨਕਮ ਟੈਕਸ ਵਿਭਾਗ (ਆਈ.ਟੀ.) ਜਾਂ ਸੀ.ਬੀ.ਆਈ. ਵਰਗੀਆਂ ਕੇਂਦਰੀ ਏਜੰਸੀਆਂ ਦੇ ਦਬਾਅ ’ਚ ਨਹੀਂ ਆਉਣਗੇ।