65 ਆਮ ਆਦਮੀ ਕਲੀਨਿਕਾਂ ਦੇ ਨਾਂ ਹੁਣ ‘ਆਯੁਸ਼ਮਾਨ ਅਰੋਗਿਆ ਕੇਂਦਰ’, ਨਹੀਂ ਲੱਗੇਗੀ ਮੁੱਖ ਮੰਤਰੀ ਦੀ ਫੋਟੋ
Thursday, Jan 23, 2025 - 05:06 AM (IST)

ਲੁਧਿਆਣਾ (ਸਹਿਗਲ) - ਕੇਂਦਰ ਸਰਕਾਰ ਦੇ ਨਿਰਦੇਸ਼ਾਂ ਤਹਿਤ ਸੂਬੇ ’ਚ ਉਨ੍ਹਾਂ ਆਮ ਆਦਮੀ ਕਲੀਨਿਕਾਂ ਜੋ ਨੈਸ਼ਨਲ ਹੈਲਥ ਮਿਸ਼ਨ ਤਹਿਤ ਕੇਂਦਰ ਵਲੋਂ ਭੇਜੇ ਗਏ ਫੰਡਾਂ ਨਾਲ ਚਲਾਏ ਜਾ ਰਹੇ ਹਨ, ਦੇ ਨਾਂ ਬਦਲ ਕੇ ਹੁਣ ‘ਆਯੁਸ਼ਮਾਨ ਅਰੋਗਿਆ ਕੇਂਦਰ’ ਰੱਖਿਆ ਜਾਵੇਗਾ, ਜਦੋਂਕਿ ਸੂਬਾ ਸਰਕਾਰ ਵਲੋਂ ਆਪਣੇ ਫੰਡਾਂ ’ਤੇ ਚਲਾਏ ਜਾ ਰਹੇ ਕਲੀਨਿਕਾਂ ਦੇ ਨਾਂ ਆਮ ਆਦਮੀ ਕਲੀਨਿਕ ਰੱਖ ਸਕਦੀ ਹੈ।
ਦੋਵੇਂ ਸਰਕਾਰਾਂ ’ਚ ਬਣੀ ਆਪਸੀ ਸਹਿਮਤੀ ਤਹਿਤ ਆਯੁਸ਼ਮਾਨ ਅਰੋਗਿਆ ਕੇਂਦਰਾਂ ’ਤੇ ਮੁੱਖ ਮੰਤਰੀ ਦੀ ਫੋਟੋ ਵੀ ਨਹੀਂ ਲੱਗੇਗੀ। ਦੱਸਿਆ ਜਾ ਰਿਹਾ ਹੈ ਕਿ 2023 ਤੋਂ ਇਸ ਤੋਂ ਇਤਰਾਜ਼ ਤਹਿਤ ਕੇਂਦਰ ਵਲੋਂ ਸੂਬਾ ਸਰਕਾਰ ਨੂੰ ਭੇਜੇ ਜਾਣ ਵਾਲੇ ਫੰਡ ਰੋਕ ਦਿੱਤੇ ਸਨ, ਜੋ ਲਗਭਗ 1200 ਕਰੋੜ ਰੁਪਏ ਦੱਸੇ ਜਾ ਰਹੇ ਹਨ।
ਕੇਂਦਰ ਸਰਕਾਰ ਵਲੋਂ ਆਮ ਆਦਮੀ ਪਾਰਟੀ ਕਲੀਨਿਕਾਂ ਦੇ ਸਹਾਰੇ ਸਰਕਾਰ ਵਲੋਂ ਆਪਣੀ ਕੀਤੀ ਜਾ ਰਹੀ ਬ੍ਰਾਂਡਿੰਗ ’ਤੇ ਸਖ਼ਤ ਇਤਰਾਜ਼ ਪੇਸ਼ ਕੀਤਾ ਗਿਆ ਅਤੇ ਇਸ ਸਬੰਧੀ ਲਗਭਗ 1 ਸਾਲ ਤੋਂ ਦੋਵੇਂ ਸਰਕਾਰਾਂ ’ਚ ਤਣਾਅ ਵਾਲਾ ਮਾਹੌਲ ਬਣਿਆ ਰਿਹਾ।
ਆਪਸੀ ਸਹਿਮਤੀ ਬਣਨ ਤੋਂ ਬਾਅਦ ਹੁਣ ਇਹ ਫੈਸਲਾ ਕੀਤਾ ਗਿਆ ਕਿ ਜੋ ਕਲੀਨਿਕ ਸੂਬਾ ਸਰਕਾਰ ਦੇ ਪੈਸੇ ਨਾਲ ਚੱਲ ਰਹੇ ਹਨ, ਉਨ੍ਹਾਂ ਦੇ ਨਾਂ ਨਹੀਂ ਬਦਲੇ ਜਾਣਗੇ। ਇਸ ਆਪਸੀ ਸਹਿਮਤੀ ਦੇ ਆਧਾਰ ’ਤੇ ਸੂਬਾ ਸਰਕਾਰ ਨੂੰ 242 ਆਮ ਆਦਮੀ ਕਲੀਨਿਕਾਂ ਅਤੇ 2889 ਹੈਲਥ ਐਂਡ ਵੈਲਨੈੱਸ ਸੈਂਟਰਾਂ ਦਾ ਨਾਂ ਬਦਲਣਾ ਪਵੇਗਾ, ਜਿਸ ’ਤੇ ਕੰਮ ਸ਼ੁਰੂ ਹੋ ਚੁੱਕਾ ਹੈ।
ਆਉਣ ਵਾਲੇ ਕੁਝ ਦਿਨਾਂ ’ਚ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਮੁਤਾਬਕ ਇਨ੍ਹਾਂ ਸੈਂਟਰਾਂ ਦਾ ਨਾਂ ਬਦਲ ਦਿੱਤਾ ਜਾਵੇਗਾ। ਇਸ ਦੇ ਲਈ ਡਿਸਟ੍ਰਿਕਟ ਹੈਲਥ ਸੋਸਾਇਟੀਆਂ ਨੂੰ ਨਿਰਦੇਸ਼ ਜਾਰੀ ਹੋ ਚੁੱਕੇ ਹਨ। ਇਨ੍ਹਾਂ ਹੀ ਨਿਰਦੇਸ਼ਾਂ ਤਹਿਤ ਜ਼ਿਲੇ ’ਚ 94 ’ਚੋਂ 65 ਕਲੀਨਿਕਾਂ ਦੇ ਨਾਂ ਬਦਲਣ ਦੀ ਪ੍ਰਕਿਰਿਆ ਕੁਝ ਦਿਨ ਪਹਿਲਾਂ ਤੋਂ ਹੀ ਆਰੰਭ ਹੋ ਗਈ ਸੀ।