ਪੰਜਾਬ ਦੇ ਇਸ ਪਿੰਡ ''ਚ ਨਸ਼ਾ ਤਸਕਰਾਂ ਦੀ ਕਿਸੇ ਤਰ੍ਹਾਂ ਵੀ ਨਹੀਂ ਕੀਤੀ ਜਾਵੇਗੀ ਮਦਦ, ਹੋਵੇਗਾ ਪੂਰਾ Bycott

Friday, Jan 31, 2025 - 05:50 AM (IST)

ਪੰਜਾਬ ਦੇ ਇਸ ਪਿੰਡ ''ਚ ਨਸ਼ਾ ਤਸਕਰਾਂ ਦੀ ਕਿਸੇ ਤਰ੍ਹਾਂ ਵੀ ਨਹੀਂ ਕੀਤੀ ਜਾਵੇਗੀ ਮਦਦ, ਹੋਵੇਗਾ ਪੂਰਾ Bycott

ਮੋਗਾ (ਕਸ਼ਿਸ਼ ਸਿੰਗਲਾ)- ਇੱਕ ਪਾਸੇ ਜਿੱਥੇ ਪੰਜਾਬ ਵਿਚ ਵਗ ਰਹੇ ਸਿਥੈਟਿੰਕ ਡਰੱਗ ‘ਚਿੱਟੇ’ ਦੇ ਕਾਲੇ ਧੰਦੇ ਕਾਰਨ ਪੰਜਾਬ ਦੀ ਜਵਾਨੀ ਦਾ ਘਾਣ ਹੋ ਰਿਹਾ ਹੈ, ਉੱਥੇ ਸਰਕਾਰ ਅਤੇ ਪ੍ਰਸ਼ਾਸਨ ਮਗਰੋਂ ਪਿੰਡਾਂ ਦੀਆਂ ਪੰਚਾਇਤਾਂ ਨੇ ਵੀ ਨਸ਼ਿਆਂ ਦੀ ਰੋਕਥਾਮ ਲਈ ਸਖ਼ਤ ਕਦਮ ਚੁੱਕਣ ਦੀ ਪਹਿਲ ਕਦਮੀ ਕੀਤੀ ਹੈ, ਜਿਸ ਦੇ ਭਵਿੱਖ ਵਿਚ ਸਾਰਥਕ ਨਤੀਜੇ ਸਾਹਮਣੇ ਆਉਣ ਦੀ ਸੰਭਾਵਨਾ ਹੈ। 

ਮਾਲਵਾ ਖਿੱਤੇ ਦੇ ਮੋਗਾ ਜ਼ਿਲ੍ਹੇ ਦੇ ਹਲਕਾ ਧਰਮਕੋਟ ਦੀ ਨੁਮਾਇੰਦਗੀ ਕਰ ਰਹੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੇ ਸੱਦੇ ’ਤੇ ਹਲਕੇ ਦੀਆਂ ਪੰਚਾਇਤਾਂ ਵਲੋਂ ਨਸ਼ਾ ਤਸਕਰਾਂ ਦੇ ਕਥਿਤ ਸਮਾਜਿਕ ਬਾਈਕਾਟ ਤੱਕ ਦੇ ਫ਼ੈਸਲੇ ਲਏ ਜਾ ਰਹੇ ਹਨ। ਇਸੇ ਕੜੀ ਤਹਿਤ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਤੇ ਪਿੰਡ ਦਾਤਾ ਦੇ ਸਰਪੰਚ ਗੁਰਿੰਦਰ ਸਿੰਘ ਗੁੱਗੂ ਦਾਤਾ ਨੇ ਪਿੰਡ ਵਿਚ ਗ੍ਰਾਮ ਸਭਾ ਦੇ ਆਮ ਇਜਲਾਸ ਦੌਰਾਨ ਵੱਡੇ ਸਾਰਥਕ ਫ਼ੈਸਲੇ ਲਏ ਹਨ, ਜਿਸ ਤਹਿਤ ਪਿੰਡ ਵਿਚ ਨਸ਼ਿਆਂ ਦੀ ਕਥਿਤ ਤਸਕਰੀ ਕਰਨ ਅਤੇ ਚੋਰੀ ਦੇ ਮਾਮਲੇ ਵਿਚ ਨਾਮਜ਼ਦ ਕਿਸੇ ਵੀ ਵਿਅਕਤੀ ਦੀ ਪੰਚਾਇਤ ਜਾਂ ਪਿੰਡ ਵਾਸੀ ਕੋਈ ਮਦਦ ਨਹੀਂ ਕਰਨਗੇ। 

ਇਹ ਵੀ ਪੜ੍ਹੋ- Cold Drink ਦੀ ਆੜ 'ਚ ਵੇਚ ਰਿਹਾ ਸੀ 'ਮੌਤ ਦਾ ਸਾਮਾਨ', ਪੁਲਸ ਨੇ ਰੇਡ ਮਾਰ ਰੰਗੇ ਹੱਥੀਂ ਚੁੱਕਿਆ ਦੁਕਾਨਦਾਰ

ਉਨ੍ਹਾਂ ਸਪੱਸ਼ਟ ਕੀਤਾ ਕਿ ਨਸ਼ਿਆਂ ਦੇ ਖ਼ਾਤਮੇ ਲਈ ਹੁਣ ‘ਏਕੇ’ ਨਾਲ ਸਭ ਨੂੰ ਅੱਗੇ ਆਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਨੌਜਵਾਨ ਕਥਿਤ ਤੌਰ 'ਤੇ ਇਸ ਨਸ਼ੇ ਦਾ ਕਿਸੇ ਤਰ੍ਹਾਂ ਆਦੀ ਹੈ ਤਾਂ ਉਹ ਪੰਚਾਇਤ ਨੂੰ ਦੱਸੇ, ਉਸ ਦਾ ਨਸ਼ਾ ਛੁਡਾਉਣ ਲਈ ਮਦਦ ਕੀਤੀ ਜਾਵੇਗੀ, ਪਰੰਤੂ ਜੋ ਨਸ਼ੇ ਦੀ ਤਸਕਰੀ ਕਰੇਗਾ, ਉਸ ਵਿਰੁੱਧ ਪੁਲਸ ਨੂੰ ਪੰਚਾਇਤ ਸ਼ਕਾਇਤ ਪੱਤਰ ਵੀ ਦੇਵੇਗੀ। 

ਉਨ੍ਹਾਂ ਕਿਹਾ ਕਿ ਕੋਈ ਵੀ ਦੁਕਾਨਦਾਰ 18 ਸਾਲ ਤੋਂ ਘੱਟ ਨੌਜ਼ਵਾਨਾਂ ਨੂੰ ਤੰਬਾਕੂ ਨਹੀਂ ਵੇਚੇਗਾ। ਉਨ੍ਹਾਂ ਕਿਹਾ ਕਿ ਪੰਚਾਇਤ ਨੇ ਫ਼ੈਸਲਾ ਲਿਆ ਹੈ ਕਿ ਭਰੂਣ ਹੱਤਿਆ ਦੀ ਰੋਕਥਾਮ ਲਈ ਭਾਵੇਂ ਸਰਕਾਰ ਤੇ ਵਿਭਾਗ ਸਖ਼ਤ ਪਰੰਤੂ ਜੇਕਰ ਇਸ ਮਾਮਲੇ ਵਿਚ ਕੋਈ ਵੀ ਦੋਸ਼ੀ ਪਾਇਆ ਜਾਂਦਾ ਹੈ ਤਾਂ ਪੰਚਾਇਤ ਦਾ ਉਸ ਵਿਰੁੱਧ ਸਟੈਂਡ ਸਖ਼ਤ ਹੋਵੇਗਾ। 

ਸਰਪੰਚ ਗੁੱਗੂ ਦਾਤਾ ਆਖਦੇ ਹਨ ਕਿ ਪ੍ਰਦੂਸ਼ਣ ਦੀ ਰੋਕਥਾਮ ਲਈ ਪਿੰਡ ਵਿਚ ਪਲਾਸਟਿਕ ਦੀ ਵਰਤੋਂ ’ਤੇ ਮਨਾਹੀ ਕੀਤੀ ਗਈ ਹੈ ਅਤੇ ਇਸ ਤੋਂ ਇਲਾਵਾ ਅਜੋਕੇ ਦੌਰ ਵਿਚ ਸਭ ਤੋਂ ਭਖਦੇ ਮੁੱਦੇ ਵਿਆਹ ਮਰਨਿਆਂ ’ਤੇ ਫ਼ਜੂਲ ਖ਼ਰਚੀ ਰੋਕਣ ਲਈ ਵੀ ਪਿੰਡ ਵਾਸੀਆਂ ਨੂੰ ਪ੍ਰੇਰਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ‘ਦੇਖਾ-ਦੇਖੀ’ ਦੇ ਖਰਚਿਆਂ ਕਰ ਕੇ ਆਮ ਲੋਕ ਕਰਜ਼ੇ ਦੀ ਦਲਦਲ ਵਿਚ ਫ਼ਸ ਰਹੇ ਹਨ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਘਰ ਕੋਈ ਵੀ ਨੌਕਰ ਰੱਖਣ ਤੋਂ ਪਹਿਲਾ ਉਸ ਦੇ ਪੱਕੇ ਪਤੇ ਦੀ ਪਹਿਚਾਣ ਕੀਤੀ ਜਾਵੇ ਤਾਂ ਜੋਂ ਭਵਿੱਖ ਵਿਚ ਕੋਈ ਦਿੱਕਤ ਪੇਸ਼ ਨਾ ਆਵੇ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News