ਸੰਜੀਵ ਖੰਨਾ ਬਣੇ ਭਾਰਤ ਦੇ 51ਵੇਂ ਚੀਫ਼ ਜਸਟਿਸ

Monday, Nov 11, 2024 - 10:21 AM (IST)

ਨਵੀਂ ਦਿੱਲੀ- ਜਸਟਿਸ ਸੰਜੀਵ ਖੰਨਾ ਨੇ ਸੋਮਵਾਰ ਨੂੰ ਰਾਸ਼ਟਰਪਤੀ ਭਵਨ ਵਿਚ ਭਾਰਤ ਦੇ 51ਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁੱਕ ਲਈ ਹੈ। ਇਸ ਤੋਂ ਪਹਿਲਾਂ ਜਸਟਿਸ ਡੀ. ਵਾਈ ਚੰਦਰਚੂੜ ਸੇਵਾਮੁਕਤ ਹੋ ਚੁੱਕੇ ਹਨ। ਜਸਟਿਸ ਖੰਨਾ ਦੇ ਨਾਮ ਦੀ ਸਿਫਾਰਸ਼ ਜਸਟਿਸ ਚੰਦਰਚੂੜ ਨੇ ਕੀਤੀ ਸੀ। ਚੰਦਰਚੂੜ 10 ਨਵੰਬਰ ਨੂੰ 65 ਸਾਲ ਦੀ ਉਮਰ ਵਿਚ ਇਸ ਅਹੁਦੇ ਤੋਂ ਸੇਵਾਮੁਕਤ ਹੋਏ ਸਨ। 

14 ਮਈ 1960 ਨੂੰ ਜਨਮੇ ਜਸਟਿਸ ਸੰਜੀਵ ਖੰਨਾ ਨੇ ਦਿੱਲੀ ਯੂਨੀਵਰਸਿਟੀ ਦੇ ਕੈਂਪਸ ਲਾਅ ਸੈਂਟਰ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ। ਦਿੱਲੀ ਹਾਈ ਕੋਰਟ ਦੇ ਜੱਜ ਨਿਯੁਕਤ ਹੋਣ ਤੋਂ ਪਹਿਲਾਂ ਉਹ ਤੀਜੀ ਪੀੜ੍ਹੀ ਦੇ ਵਕੀਲ ਸਨ। ਉਨ੍ਹਾਂ ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ (NALSA) ਦੇ ਕਾਰਜਕਾਰੀ ਚੇਅਰਮੈਨ ਵਜੋਂ ਵੀ ਕੰਮ ਕੀਤਾ। ਜਸਟਿਸ ਖੰਨਾ ਜਨਵਰੀ 2019 ਤੋਂ ਸੁਪਰੀਮ ਕੋਰਟ ਦੇ ਜੱਜ ਵਜੋਂ ਸੇਵਾ ਨਿਭਾਅ ਰਹੇ, ਕਈ ਇਤਿਹਾਸਕ ਫੈਸਲਿਆਂ ਦਾ ਹਿੱਸਾ ਰਹੇ ਹਨ, ਜਿਵੇਂ ਕਿ ਈ. ਵੀ. ਐਮ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣਾ, ਚੋਣ ਬਾਂਡ ਸਕੀਮ ਨੂੰ ਰੱਦ ਕਰਨਾ, ਧਾਰਾ 370 ਨੂੰ ਰੱਦ ਕਰਨਾ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ ਦੇਣਾ।

ਜਸਟਿਸ ਦੇਵ ਰਾਜ ਖੰਨਾ ਦੇ ਪੁੱਤਰ ਹਨ ਜਸਟਿਸ ਸੰਜੀਵ ਖੰਨਾ
ਜਸਟਿਸ ਖੰਨਾ, ਜੋ ਦਿੱਲੀ ਦੇ ਇੱਕ ਉੱਘੇ ਪਰਿਵਾਰ ਨਾਲ ਸਬੰਧਤ ਹਨ, ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਦੇਵ ਰਾਜ ਖੰਨਾ ਦੇ ਪੁੱਤਰ ਅਤੇ ਸੁਪਰੀਮ ਕੋਰਟ ਦੇ ਸਾਬਕਾ ਚੀਫ਼ ਜਸਟਿਸ ਐੱਚਆਰ ਖੰਨਾ ਦੇ ਭਤੀਜੇ ਹਨ। ਜਸਟਿਸ ਸੰਜੀਵ ਖੰਨਾ, ਜਿਨ੍ਹਾਂ ਨੂੰ 18 ਜਨਵਰੀ, 2019 ਨੂੰ ਸੁਪਰੀਮ ਕੋਰਟ ਦਾ ਜੱਜ ਬਣਾਇਆ ਗਿਆ ਸੀ, ਹਾਈ ਕੋਰਟ ਦੇ ਜੱਜ ਵਜੋਂ ਨਿਯੁਕਤ ਹੋਣ ਤੋਂ ਪਹਿਲਾਂ ਤੀਜੀ ਪੀੜ੍ਹੀ ਦੇ ਵਕੀਲ ਸਨ। ਉਹ ਕੇਸਾਂ ਦੀ ਪੈਂਡੈਂਸੀ ਨੂੰ ਘਟਾਉਣ ਅਤੇ ਨਿਆਂ ਦਿਵਾਉਣ ਵਿਚ ਤੇਜ਼ੀ ਲਿਆਉਣ ਲਈ ਉਤਸ਼ਾਹ ਨਾਲ ਪ੍ਰੇਰਿਤ ਹਨ।

ਜਸਟਿਸ ਸੰਜੀਵ ਖੰਨਾ ਦੇ ਚਾਚਾ 1976 'ਚ ਆਏ ਸਨ ਸੁਰਖੀਆਂ 'ਚ
ਜਸਟਿਸ ਖੰਨਾ ਦੇ ਚਾਚਾ ਜਸਟਿਸ ਐੱਚਆਰ ਖੰਨਾ 1976 ਵਿਚ ਐਮਰਜੈਂਸੀ ਦੌਰਾਨ ਬਦਨਾਮ ਏਡੀਐੱਮ ਜਬਲਪੁਰ ਕੇਸ ਵਿਚ ਅਸਹਿਮਤੀ ਵਾਲਾ ਫੈਸਲਾ ਲਿਖਣ ਤੋਂ ਬਾਅਦ ਅਸਤੀਫਾ ਦੇ ਕੇ ਸੁਰਖੀਆਂ ਵਿਚ ਆਏ ਸਨ। ਐਮਰਜੈਂਸੀ ਦੌਰਾਨ ਮੌਲਿਕ ਅਧਿਕਾਰਾਂ ਦੀ ਉਲੰਘਣਾ ਨੂੰ ਬਰਕਰਾਰ ਰੱਖਣ ਵਾਲੇ ਸੰਵਿਧਾਨਕ ਬੈਂਚ ਦੇ ਬਹੁਮਤ ਦੇ ਫੈਸਲੇ ਨੂੰ ਨਿਆਂਪਾਲਿਕਾ 'ਤੇ 'ਕਾਲਾ ਧੱਬਾ' ਮੰਨਿਆ ਗਿਆ ਸੀ। ਹਾਲਾਂਕਿ, ਜਸਟਿਸ ਐੱਚਆਰ ਖੰਨਾ ਨੇ ਇਸ ਕਦਮ ਨੂੰ ਗੈਰ-ਸੰਵਿਧਾਨਕ ਅਤੇ ਕਾਨੂੰਨ ਦੇ ਸ਼ਾਸਨ ਦੇ ਵਿਰੁੱਧ ਕਰਾਰ ਦਿੱਤਾ ਅਤੇ ਕੀਮਤ ਅਦਾ ਕੀਤੀ ਕਿਉਂਕਿ ਤਤਕਾਲੀ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਹਟਾ ਦਿੱਤਾ ਅਤੇ ਜਸਟਿਸ ਐੱਮਐੱਚ ਬੇਗ ਨੂੰ ਅਗਲਾ ਸੀਜੇਆਈ ਬਣਾਇਆ। ਜਸਟਿਸ ਐੱਚ ਆਰ ਖੰਨਾ 1973 ਦੇ ਕੇਸ਼ਵਾਨੰਦ ਭਾਰਤੀ ਕੇਸ ਦੇ ਇਤਿਹਾਸਕ ਫੈਸਲੇ ਦਾ ਹਿੱਸਾ ਸੀ ਜਿਸ ਨੇ ਬੁਨਿਆਦੀ ਢਾਂਚੇ ਦੇ ਸਿਧਾਂਤ ਨੂੰ ਪੇਸ਼ ਕੀਤਾ ਸੀ।\


Tanu

Content Editor

Related News