ਕਾਬੁਲ ਦੇ ਹਸਪਤਾਲ ''ਤੇ ਹੋਏ ਪਾਕਿਸਤਾਨੀ ਹਮਲੇ ਦੀ ਭਾਰਤ ਨੇ ਕੀਤੀ ਸਖ਼ਤ ਨਿੰਦਾ ! ਦੱਸਿਆ ''ਅਣਮਨੁੱਖੀ''
Tuesday, Mar 17, 2026 - 01:32 PM (IST)
ਨਵੀਂ ਦਿੱਲੀ- ਭਾਰਤ ਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਇਕ ਹਸਪਤਾਲ 'ਤੇ ਪਾਕਿਸਤਾਨ ਦੇ ਹਮਲੇ ਨੂੰ ਕਾਇਰਤਾਪੂਰਨ ਅਤੇ ਅਣਮਨੁੱਖੀ ਕਾਰਵਾਈ ਦੱਸਦੇ ਹੋਏ ਇਸ ਦੀ ਸਖ਼ਤ ਨਿੰਦਾ ਕੀਤੀ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਮੰਗਲਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਭਾਰਤ ਸੋਮਵਾਰ ਦੀ ਰਾਤ ਕਾਬੁਲ ਦੇ ਓਮਿਦ ਨਸ਼ਾ ਮੁਕਤੀ ਹਸਪਤਾਲ 'ਤੇ ਪਾਕਿਸਤਾਨ ਦੇ ਹਵਾਈ ਹਮਲੇ ਦੀ ਸਖ਼ਤ ਨਿੰਦਾ ਕਰਦਾ ਹੈ। ਇਹ ਹਿੰਸਾ ਇਕ ਕਾਇਰਤਾਪੂਰਨ ਅਤੇ ਅਣਮਨੁੱਖੀ ਕਾਰਵਾਈ ਹੈ, ਜਿਸ 'ਚ ਵੱਡੀ ਗਿਣਤੀ 'ਚ ਨਾਗਰਿਕਾਂ ਦੀ ਜਾਨ ਚਲੀ ਗਈ। ਇਸ ਹਸਪਤਾਲ ਨੂੰ ਕਿਸੇ ਵੀ ਤਰ੍ਹਾਂ ਨਾਲ ਫ਼ੌਜੀ ਟੀਚਾ ਨਹੀਂ ਮੰਨਿਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਹੁਣ ਇਸ ਕਤਲੇਆਮ ਨੂੰ ਫ਼ੌਜ ਮੁਹਿੰਮ ਦਾ ਨਾਂ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਬੁਲਾਰੇ ਨੇ ਕਿਹਾ ਕਿ ਪਾਕਿਸਤਾਨ ਵਲੋਂ ਕੀਤਾ ਗਿਆ ਇਹ ਘਿਨੌਣਾ ਹਮਲਾ ਅਫਗਾਨਿਸਤਾਨ ਦੀ ਪ੍ਰਭੂਸੱਤਾ 'ਤੇ ਇਕ ਸਪੱਸ਼ਟ ਹਮਲਾ ਹੈ ਅਤੇ ਖੇਤਰੀ ਸ਼ਾਂਤੀ ਅਤੇ ਸਥਿਰਤਾ ਲਈ ਸਿੱਧਾ ਖ਼ਤਰਾ ਹੈ। ਇਹ ਪਾਕਿਸਤਾਨ ਦੇ ਲਗਾਤਾਰ ਲਾਪਰਵਾਹ ਰਵੱਈਏ ਅਤੇ ਆਪਣੀਆਂ ਅਸਫਲਤਾਵਾਂ ਨੂੰ ਸਰਹੱਦ ਪਾਰ ਹਿੰਸਾ ਦੀਆਂ ਵਧਦੀਆਂ ਹਿੰਸਕ ਕਾਰਵਾਈਆਂ ਦੇ ਮਾਧਿਅਮ ਨਾਲ ਲੁਕਾਉਣ ਦੀਆਂ ਵਾਰ-ਵਾਰ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਦਰਸਾਉਂਦਾ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਇਹ ਹਮਲਾ ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਕੀਤਾ ਗਿਆ, ਜੋ ਦੁਨੀਆ ਭਰ ਦੇ ਮੁਸਲਿਮ ਭਾਈਚਾਰਿਆਂ ਲਈ ਸ਼ਾਂਤੀ, ਚਿੰਤਨ ਅਤੇ ਹਮਦਰਦੀ ਦਾ ਸਮਾਂ ਹੁੰਦਾ ਹੈ, ਜੋ ਇਸ ਨੂੰ ਹੋਰ ਵੀ ਨਿੰਦਾਯੋਗ ਬਣਾਉਂਦਾ ਹੈ। ਅਜਿਹਾ ਕੋਈ ਧਰਮ, ਕੋਈ ਕਾਨੂੰਨ ਜਾਂ ਕੋਈ ਨੈਤਿਕਤਾ ਨਹੀਂ ਹੈ, ਜੋ ਕਿਸੇ ਹਸਪਤਾਲ ਅਤੇ ਉਸ ਦੇ ਮਰੀਜ਼ਾਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਉਣ ਨੂੰ ਉੱਚਿਤ ਠਹਿਰਾ ਸਕੇ।
ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰੇ ਨੂੰ ਇਸ ਅਪਰਾਧਕ ਕਾਰਵਾਈ ਦੇ ਦੋਸ਼ੀਆਂ ਨੂੰ ਜਵਾਬਦੇਹ ਠਹਿਰਾਉਣਾ ਚਾਹੀਦਾ ਅਤੇ ਇਹ ਯਕੀਨੀ ਕਰਨਾ ਚਾਹੀਦਾ ਕਿ ਅਫਗਾਨਿਸਤਾਨ 'ਚ ਪਾਕਿਸਤਾਨ ਵਲੋਂ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਦਾ ਇਹ ਅੰਨ੍ਹੇਵਾਹ ਹਮਲਾ ਤੁਰੰਤ ਬੰਦ ਹੋਵੇ। ਜਾਇਸਵਾਲ ਨੇ ਕਿਹਾ ਕਿ ਭਾਰਤ ਸੋਗ ਪੀੜਤ ਪਰਿਵਾਰਾਂ ਦੇ ਪ੍ਰਤੀ ਡੂੰਘੀ ਹਮਦਰਦੀ ਜ਼ਾਹਰ ਕਰਦਾ ਹੈ, ਜ਼ਖ਼ਮੀਆਂ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕਰਦਾ ਹਾਂ ਅਤੇ ਇਸ ਦੁਖਦ ਘੜੀ 'ਚ ਅਫਗਾਨਿਸਤਾਨ ਦੇ ਲੋਕਾਂ ਨਾਲ ਇਕਜੁਟਤਾ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ,''ਅਸੀਂ ਅਫਗਾਨਿਸਤਾਨ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੇ ਪ੍ਰਤੀ ਆਪਣੇ ਅਟੁੱਟ ਸਮਰਥਨ ਨੂੰ ਵੀ ਦੋਹਰਾਉਂਦੇ ਹਾਂ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
