ਭਾਰਤ ਪੁੱਜੇ ਫਿਨਲੈਂਡ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਸਟੱਬ, ਦੋਵਾਂ ਦੇਸ਼ਾਂ ਵਿਚਾਲੇ ਕਈ ਅਹਿਮ ਮੁੱਦਿਆਂ ''ਤੇ ਹੋਵੇਗੀ ਚਰਚਾ
Wednesday, Mar 04, 2026 - 02:28 PM (IST)
ਨਵੀਂ ਦਿੱਲੀ- ਫਿਨਲੈਂਡ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਸਟਬ ਬੁੱਧਵਾਰ ਸਵੇਰੇ ਨਵੀਂ ਦਿੱਲੀ ਪਹੁੰਚੇ, ਜਿੱਥੇ ਹਵਾਈ ਅੱਡੇ 'ਤੇ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਉਨ੍ਹਾਂ ਦਾ ਸੁਆਗਤ ਕੀਤਾ। ਰਾਸ਼ਟਰਪਤੀ ਵਜੋਂ ਇਹ ਉਨ੍ਹਾਂ ਦੀ ਪਹਿਲੀ ਭਾਰਤ ਯਾਤਰਾ ਹੈ। ਉਨ੍ਹਾਂ ਦੇ ਨਾਲ ਮੰਤਰੀਆਂ, ਸੀਨੀਅਰ ਅਧਿਕਾਰੀਆਂ ਅਤੇ ਕਾਰੋਬਾਰੀਆਂ ਦਾ ਇੱਕ ਉੱਚ-ਪੱਧਰੀ ਵਫ਼ਦ ਵੀ ਆਇਆ ਹੈ।
ਇਸ ਦੌਰੇ ਦੌਰਾਨ ਰਾਸ਼ਟਰਪਤੀ ਸਟਬ ਵੀਰਵਾਰ, 5 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਬੈਠਕ ਕਰਨਗੇ। ਇਸ ਦੌਰਾਨ ਵਪਾਰ, ਨਿਵੇਸ਼ ਅਤੇ ਅਹਿਮ ਤਕਨਾਲੋਜੀ ਵਰਗੇ ਖੇਤਰਾਂ ਵਿੱਚ ਸਹਿਯੋਗ ਵਧਾਉਣ ਲਈ ਕਈ ਸਮਝੌਤਿਆਂ 'ਤੇ ਦਸਤਖਤ ਕੀਤੇ ਜਾਣ ਦੀ ਉਮੀਦ ਹੈ। ਇਸ ਤੋਂ ਬਾਅਦ ਉਹ ਨਵੀਂ ਦਿੱਲੀ ਵਿੱਚ ਹੋਣ ਵਾਲੇ 11ਵੇਂ 'ਰਾਇਸੀਨਾ ਡਾਇਲਾਗ 2026' ਵਿੱਚ ਮੁੱਖ ਮਹਿਮਾਨ ਅਤੇ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਤੋਂ ਬਾਅਦ ਉਹ ਦਿੱਲੀ ਵਿੱਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪ-ਰਾਸ਼ਟਰਪਤੀ ਸੀ. ਪੀ. ਰਾਧਾਕ੍ਰਿਸ਼ਨਨ ਅਤੇ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨਾਲ ਵੀ ਮੁਲਾਕਾਤ ਕਰਨਗੇ।
ਸ਼ੁੱਕਰਵਾਰ (6 ਮਾਰਚ) ਨੂੰ ਉਹ ਮੁੰਬਈ ਰਵਾਨਾ ਹੋਣਗੇ, ਜਿੱਥੇ ਉਹ ਮਹਾਰਾਸ਼ਟਰ ਦੇ ਰਾਜਪਾਲ ਅਤੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਨਗੇ। ਉਹ ਮੁੰਬਈ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਨਗੇ ਅਤੇ ਭਾਰਤੀ ਉਦਯੋਗਪਤੀਆਂ ਨਾਲ ਕਾਰੋਬਾਰੀ ਮੀਟਿੰਗਾਂ ਕਰਨਗੇ। ਮੱਧ ਪੂਰਬ (ਇਰਾਨ-ਅਮਰੀਕਾ ਜੰਗ) ਵਿੱਚ ਜਾਰੀ ਮੌਜੂਦਾ ਸੰਕਟ ਅਤੇ ਰੂਸ-ਯੂਕ੍ਰੇਨ ਜੰਗ ਦੇ ਵਿਸ਼ਵ ਵਿਆਪੀ ਪ੍ਰਭਾਵਾਂ ਬਾਰੇ ਵੀ ਦੋਵਾਂ ਨੇਤਾਵਾਂ ਵਿਚਾਲੇ ਅਹਿਮ ਚਰਚਾ ਹੋਣ ਦੀ ਸੰਭਾਵਨਾ ਹੈ।
ਜ਼ਿਕਰਯੋਗ ਹੈ ਕਿ ਭਾਰਤ ਅਤੇ ਫਿਨਲੈਂਡ ਦੇ ਸਬੰਧ ਲੋਕਤੰਤਰੀ ਕਦਰਾਂ-ਕੀਮਤਾਂ 'ਤੇ ਅਧਾਰਤ ਹਨ। ਫਿਨਲੈਂਡ ਯੂਰਪੀ ਸੰਘ ਅਤੇ ਨੋਰਡਿਕ ਖੇਤਰ ਵਿੱਚ ਭਾਰਤ ਦਾ ਇੱਕ ਮਹੱਤਵਪੂਰਨ ਭਾਈਵਾਲ ਹੈ। ਕੁਝ ਹਫ਼ਤੇ ਪਹਿਲਾਂ ਹੀ ਫਿਨਲੈਂਡ ਦੇ ਪ੍ਰਧਾਨ ਮੰਤਰੀ ਪੇਟੇਰੀ ਓਰਪੋ ਵੀ 'AI Impact Summit' ਲਈ ਭਾਰਤ ਆਏ ਸਨ।
ਇਹ ਵੀ ਪੜ੍ਹੋ- ਖ਼ਾਮੇਨੇਈ ਦੀ ਮੌਤ 'ਤੇ ਇਰਾਨੀਆਂ 'ਚ ਜਸ਼ਨ ਤੇ ਭਾਰਤੀ ਮੁਸਲਮਾਨਾਂ 'ਚ ਸੋਗ ! ਜਾਣੋ ਕਿਉਂ ਦੁਚਿੱਤੀ 'ਚ ਪਈ ਦੁਨੀਆ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
