ਭਾਰਤ ਨੇ ''IRIS Lavan'' ਨੂੰ ਦਿੱਤੀ ਸੁਰੱਖਿਅਤ ਪਨਾਹ, ਈਰਾਨ ਨੇ ਭਾਰਤ ਦਾ ਕੀਤਾ ਤਹਿ ਦਿਲੋਂ ਧੰਨਵਾਦ

Saturday, Mar 07, 2026 - 05:54 PM (IST)

ਭਾਰਤ ਨੇ ''IRIS Lavan'' ਨੂੰ ਦਿੱਤੀ ਸੁਰੱਖਿਅਤ ਪਨਾਹ, ਈਰਾਨ ਨੇ ਭਾਰਤ ਦਾ ਕੀਤਾ ਤਹਿ ਦਿਲੋਂ ਧੰਨਵਾਦ

ਨਵੀਂ ਦਿੱਲੀ/ਕੋਚੀ: ਅਮਰੀਕਾ, ਇਜ਼ਰਾਈਲ ਅਤੇ ਈਰਾਨ ਵਿਚਾਲੇ ਵਧਦੇ ਗੰਭੀਰ ਟਕਰਾਅ ਦੇ ਦਰਮਿਆਨ ਭਾਰਤ ਨੇ ਇੱਕ ਵਾਰ ਫਿਰ ਆਪਣੀ ਮਨੁੱਖਤਾਵਾਦੀ ਪਹੁੰਚ ਦਾ ਸਬੂਤ ਦਿੱਤਾ ਹੈ। ਈਰਾਨ ਨੇ ਆਪਣੇ ਜਲ ਸੈਨਾ ਦੇ ਜਹਾਜ਼ 'IRIS Lavan' ਨੂੰ ਕੋਚੀ ਬੰਦਰਗਾਹ 'ਤੇ ਸੁਰੱਖਿਅਤ ਪਨਾਹ ਦੇਣ ਲਈ ਭਾਰਤ ਸਰਕਾਰ ਦਾ ਰਸਮੀ ਤੌਰ 'ਤੇ ਧੰਨਵਾਦ ਕੀਤਾ ਹੈ। ਇਹ ਜਹਾਜ਼ ਤਕਨੀਕੀ ਅਤੇ ਲੌਜਿਸਟਿਕ ਪ੍ਰਬੰਧਾਂ ਲਈ ਕੋਚੀ ਵਿਖੇ ਰੁਕਿਆ ਹੋਇਆ ਹੈ।

ਰਾਜਦੂਤ ਨੇ ਕੀਤੀ ਭਾਰਤ ਦੀ ਸ਼ਲਾਘਾ 
ਭਾਰਤ 'ਚ ਈਰਾਨ ਦੇ ਰਾਜਦੂਤ ਮੁਹੰਮਦ ਫਤਾਲੀ ਨੇ ਕਿਹਾ ਕਿ ਭਾਰਤੀ ਅਧਿਕਾਰੀਆਂ ਵੱਲੋਂ ਇਨ੍ਹਾਂ ਮੁਸ਼ਕਲ ਹਾਲਾਤਾਂ ਵਿੱਚ ਦਿੱਤਾ ਗਿਆ ਸਹਿਯੋਗ ਦੋਵਾਂ ਦੇਸ਼ਾਂ ਦੇ ਪੁਰਾਣੇ ਅਤੇ ਦੋਸਤਾਨਾ ਸਬੰਧਾਂ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਭਾਰਤ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਦੇ ਸਹਿਯੋਗ ਲਈ ਵਿਸ਼ੇਸ਼ ਤੌਰ 'ਤੇ ਧੰਨਵਾਦ ਪ੍ਰਗਟਾਇਆ। ਫਤਾਲੀ ਨੇ ਉਮੀਦ ਜਤਾਈ ਕਿ ਤੇਹਰਾਨ ਅਤੇ ਨਵੀਂ ਦਿੱਲੀ ਦੇ ਇਤਿਹਾਸਕ ਸਬੰਧ ਭਵਿੱਖ ਵਿੱਚ ਹੋਰ ਮਜ਼ਬੂਤ ਹੋਣਗੇ।

IRIS Dena ਜਹਾਜ਼ ਦੇ ਡੁੱਬਣ ਤੋਂ ਬਾਅਦ ਵਧਿਆ ਤਣਾਅ 
ਇਹ ਘਟਨਾ ਉਦੋਂ ਵਾਪਰੀ ਜਦੋਂ ਹਿੰਦ ਮਹਾਸਾਗਰ 'ਚ ਇੱਕ ਹੋਰ ਈਰਾਨੀ ਜਹਾਜ਼ 'IRIS Dena' ਨੂੰ ਇੱਕ ਅਮਰੀਕੀ ਪਣਡੁੱਬੀ ਨੇ ਟਾਰਪੀਡੋ ਨਾਲ ਡੋਬ ਦਿੱਤਾ ਸੀ। ਸ੍ਰੀਲੰਕਾ ਦੇ ਗਾਲੇ ਤੱਟ ਤੋਂ ਦੂਰ ਹੋਏ ਇਸ ਹਮਲੇ 'ਚ ਈਰਾਨੀ ਜਹਾਜ਼ ਦੇ ਲਗਭਗ 87 ਮਲਾਹਾਂ ਦੀ ਮੌਤ ਹੋ ਗਈ, ਜਦੋਂ ਕਿ 32 ਨੂੰ ਬਚਾ ਲਿਆ ਗਿਆ। ਇਸ ਹਾਦਸੇ ਤੋਂ ਪਹਿਲਾਂ ਹੀ 'IRIS Lavan' ਨੇ ਤਕਨੀਕੀ ਖਰਾਬੀ ਕਾਰਨ ਭਾਰਤ ਤੋਂ ਮਦਦ ਮੰਗੀ ਸੀ, ਜਿਸ ਨੂੰ ਭਾਰਤ ਨੇ 1 ਮਾਰਚ ਨੂੰ ਪ੍ਰਵਾਨ ਕਰ ਲਿਆ ਸੀ।

ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਇਸ ਫੈਸਲੇ ਨੂੰ "ਪੂਰੀ ਤਰ੍ਹਾਂ ਮਨੁੱਖਤਾਵਾਦੀ" ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਹਾਜ਼ ਦਾ ਨੌਜਵਾਨ ਚਾਲਕ ਦਲ ਅਚਾਨਕ ਬਦਲੇ ਭੂ-ਰਾਜਨੀਤਿਕ ਹਾਲਾਤਾਂ ਕਾਰਨ ਮੁਸੀਬਤ 'ਚ ਫਸ ਗਿਆ ਸੀ। ਦੱਸਣਯੋਗ ਹੈ ਕਿ ਇਸ ਜਹਾਜ਼ ਦੇ 183 ਚਾਲਕ ਦਲ ਦੇ ਮੈਂਬਰ ਇਸ ਵੇਲੇ ਕੋਚੀ ਵਿੱਚ ਭਾਰਤੀ ਜਲ ਸੈਨਾ ਦੀਆਂ ਸਹੂਲਤਾਂ ਵਿੱਚ ਠਹਿਰੇ ਹੋਏ ਹਨ।

ਖੇਤਰ 'ਚ ਗੰਭੀਰ ਹਾਲਾਤ 
ਇਹ ਸਾਰੀ ਘਟਨਾ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਉਸ ਭਿਆਨਕ ਤਣਾਅ ਦਰਮਿਆਨ ਹੋ ਰਹੀ ਹੈ, ਜਿਸ ਵਿੱਚ ਅਮਰੀਕਾ ਅਤੇ ਇਜ਼ਰਾਈਲ ਦੇ ਸਾਂਝੇ ਹਮਲੇ 'ਚ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਦੀ ਮੌਤ ਹੋ ਗਈ ਸੀ। ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਵੀ ਦਿੱਲੀ ਸਥਿਤ ਈਰਾਨੀ ਦੂਤਾਵਾਸ ਜਾ ਕੇ ਇਸ 'ਤੇ ਦੁੱਖ ਪ੍ਰਗਟਾਇਆ ਹੈ। ਭਾਰਤ ਇਸ ਸਮੇਂ ਅਮਰੀਕਾ ਨਾਲ ਆਪਣੀ ਰੱਖਿਆ ਸਾਂਝੇਦਾਰੀ ਅਤੇ ਈਰਾਨ ਨਾਲ ਆਪਣੇ ਇਤਿਹਾਸਕ ਸਬੰਧਾਂ ਵਿਚਾਲੇ ਸੰਤੁਲਨ ਬਣਾ ਕੇ ਚੱਲ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 

 


author

Baljit Singh

Content Editor

Related News