ਤਰਨਜੀਤ ਸਿੰਘ ਸੰਧੂ ਬਣੇ ਦਿੱਲੀ ਦੇ ਨਵੇਂ LG, ਵੀ.ਕੇ. ਸਕਸੈਨਾ ਨੂੰ ਭੇਜਿਆ ਲੱਦਾਖ

Thursday, Mar 05, 2026 - 11:13 PM (IST)

ਤਰਨਜੀਤ ਸਿੰਘ ਸੰਧੂ ਬਣੇ ਦਿੱਲੀ ਦੇ ਨਵੇਂ LG, ਵੀ.ਕੇ. ਸਕਸੈਨਾ ਨੂੰ ਭੇਜਿਆ ਲੱਦਾਖ

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਦੇਸ਼ ਦੇ ਕਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਰਾਜਪਾਲ ਅਤੇ ਉਪ-ਰਾਜਪਾਲ (LG) ਦੇ ਅਹੁਦਿਆਂ 'ਤੇ ਇੱਕ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਹੈ। ਇਸ ਤਹਿਤ ਦਿੱਲੀ ਦੇ ਉਪ-ਰਾਜਪਾਲ ਵਿਨੈ ਕੁਮਾਰ ਸਕਸੈਨਾ (ਵੀ.ਕੇ. ਸਕਸੈਨਾ) ਨੂੰ ਲੱਦਾਖ ਦਾ ਨਵਾਂ ਉਪ-ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਥਾਂ 'ਤੇ ਸਾਬਕਾ ਡਿਪਲੋਮੈਟ ਤਰਨਜੀਤ ਸਿੰਘ ਸੰਧੂ ਦਿੱਲੀ ਦੇ ਨਵੇਂ ਉਪ-ਰਾਜਪਾਲ ਦੀ ਕਮਾਨ ਸੰਭਾਲਣਗੇ।

ਕੌਣ ਹਨ ਤਰਨਜੀਤ ਸਿੰਘ ਸੰਧੂ? 
ਤਰਨਜੀਤ ਸਿੰਘ ਸੰਧੂ ਭਾਰਤੀ ਵਿਦੇਸ਼ ਸੇਵਾ (IFS) ਦੇ ਇੱਕ ਸੇਵਾਮੁਕਤ ਅਧਿਕਾਰੀ ਹਨ। ਉਨ੍ਹਾਂ ਕੋਲ ਕੂਟਨੀਤੀ ਦਾ ਲੰਬਾ ਤਜਰਬਾ ਹੈ ਅਤੇ ਉਹ ਅਮਰੀਕਾ ਵਿੱਚ ਭਾਰਤ ਦੇ 28ਵੇਂ ਰਾਜਦੂਤ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ। ਇਸ ਤੋਂ ਇਲਾਵਾ, ਉਨ੍ਹਾਂ ਨੇ ਸ੍ਰੀਲੰਕਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਵਜੋਂ ਵੀ ਕੰਮ ਕੀਤਾ ਹੈ।

ਨਿਯੁਕਤੀਆਂ ਹੋਈਆਂ ਪ੍ਰਭਾਵੀ
ਰਾਸ਼ਟਰਪਤੀ ਨੇ ਇਨ੍ਹਾਂ ਨਿਯੁਕਤੀਆਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਸਰਕਾਰੀ ਹੁਕਮਾਂ ਅਨੁਸਾਰ, ਕਈ ਰਾਜਾਂ ਵਿੱਚ ਰਾਜਪਾਲਾਂ ਦੀ ਅਦਲਾ-ਬਦਲੀ ਵੀ ਕੀਤੀ ਗਈ ਹੈ। ਇਹ ਨਵੀਆਂ ਨਿਯੁਕਤੀਆਂ ਸਬੰਧਤ ਅਧਿਕਾਰੀਆਂ ਵੱਲੋਂ ਆਪਣਾ ਅਹੁਦਾ ਸੰਭਾਲਣ ਦੀ ਮਿਤੀ ਤੋਂ ਲਾਗੂ ਹੋ ਜਾਣਗੀਆਂ।

ਕਈ ਰਾਜਾਂ ਵਿੱਚ ਰਾਜਪਾਲਾਂ ਦੀ ਅਦਲਾ-ਬਦਲੀ
ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਸ਼ਿਵ ਪ੍ਰਤਾਪ ਸ਼ੁਕਲਾ ਨੂੰ ਤੇਲੰਗਾਨਾ ਦਾ ਰਾਜਪਾਲ ਨਿਯੁਕਤ ਕੀਤਾ ਗਿਆ।
ਤੇਲੰਗਾਨਾ ਦੇ ਰਾਜਪਾਲ ਜਿਸ਼ਨੂ ਦੇਵ ਵਰਮਾ ਨੂੰ ਮਹਾਰਾਸ਼ਟਰ ਦਾ ਰਾਜਪਾਲ ਨਿਯੁਕਤ ਕੀਤਾ ਗਿਆ।
ਨੰਦ ਕਿਸ਼ੋਰ ਯਾਦਵ ਨੂੰ ਨਾਗਾਲੈਂਡ ਦਾ ਰਾਜਪਾਲ ਨਿਯੁਕਤ ਕੀਤਾ ਗਿਆ।
ਲੈਫਟੀਨੈਂਟ ਜਨਰਲ (ਸੇਵਾਮੁਕਤ) ਸਈਦ ਅਤਾ ਹਸਨੈਨ ਨੂੰ ਬਿਹਾਰ ਦਾ ਰਾਜਪਾਲ ਨਿਯੁਕਤ ਕੀਤਾ ਗਿਆ।
ਤਾਮਿਲਨਾਡੂ ਦੇ ਰਾਜਪਾਲ ਆਰ.ਐਨ. ਰਵੀ ਨੂੰ ਪੱਛਮੀ ਬੰਗਾਲ ਦਾ ਰਾਜਪਾਲ ਨਿਯੁਕਤ ਕੀਤਾ ਗਿਆ।
ਕੇਰਲ ਦੇ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਤਾਮਿਲਨਾਡੂ ਦੇ ਰਾਜਪਾਲ ਦੇ ਫਰਜ਼ ਸੰਭਾਲਣਗੇ।
ਲੱਦਾਖ ਦੇ ਉਪ ਰਾਜਪਾਲ ਕਵਿੰਦਰ ਗੁਪਤਾ ਨੂੰ ਹਿਮਾਚਲ ਪ੍ਰਦੇਸ਼ ਦਾ ਰਾਜਪਾਲ ਨਿਯੁਕਤ ਕੀਤਾ ਗਿਆ।
 


author

Inder Prajapati

Content Editor

Related News