ਰਾਜਸਥਾਨ : ਮਸਜਿਦ ਦੇ ਬਾਹਰ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਦੌਰਾਨ ਪਥਰਾਅ, 6 ਪੁਲਸ ਮੁਲਾਜ਼ਮ ਜ਼ਖ਼ਮੀ
Friday, Dec 26, 2025 - 10:54 PM (IST)
ਜੈਪੁਰ, (ਭਾਸ਼ਾ)- ਜੈਪੁਰ ਜ਼ਿਲੇ ਦੇ ਚੌਮੂ ਕਸਬੇ ’ਚ ਸ਼ੁੱਕਰਵਾਰ ਨੂੰ ਇਕ ਮਸਜਿਦ ਦੇ ਬਾਹਰ ਸੜਕ ’ਤੇ ਲਾਈ ਗਈ ਰੇਲਿੰਗ ਹਟਾਉਣ ਦੌਰਾਨ ਹੋਈ ਪਥਰਾਅ ਦੀ ਘਟਨਾ ’ਚ ਪੁਲਸ ਨੇ 70 ਤੋਂ ਵੱਧ ਲੋਕਾਂ ਨੂੰ ਹਿਰਾਸਤ ’ਚ ਲਿਆ ਹੈ। ਪੁਲਸ ਅਨੁਸਾਰ, ਪਥਰਾਅ ’ਚ 6 ਪੁਲਸ ਮੁਲਾਜ਼ਮ ਜ਼ਖ਼ਮੀ ਹੋ ਗਏ। ਪੁਲਸ ਨੇ ਦੱਸਿਆ ਕਿ ਇਹ ਘਟਨਾ ਜੈਪੁਰ ਤੋਂ 40 ਕਿਲੋਮੀਟਰ ਦੂਰ ਚੌਮੂ ਕਸਬੇ ’ਚ ਬੱਸ ਸਟੈਂਡ ਇਲਾਕੇ ਦੇ ਕੋਲ ਸਵੇਰੇ ਲੱਗਭਗ 3 ਵਜੇ ਵਾਪਰੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਸੜਕ ’ਤੇ ਨਾਜਾਇਜ਼ ਕਬਜ਼ਾ ਕਰ ਕੇ ਲਾਈ ਗਈ ਲੋਹੇ ਦੀ ਰੇਲਿੰਗ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਤਣਾਅ ਹੋ ਗਿਆ।
ਉੱਥੇ ਮੌਜੂਦ ਭੀੜ ਨੂੰ ਤਿਤਰ-ਬਿਤਰ ਕਰਨ ਲਈ ਹੰਝੂ ਗੈਸ ਦੇ ਗੋਲੇ ਛੱਡਣੇ ਪਏ ਅਤੇ ਹਲਕੀ ਤਾਕਤ ਦੀ ਵਰਤੋਂ ਕਰਨੀ ਪਈ। ਸਥਾਨਕ ਨਿਵਾਸੀਆਂ ਅਤੇ ਵਪਾਰੀਆਂ ਨੇ ਪੁਲਸ ਨੂੰ ਵਾਰ-ਵਾਰ ਸ਼ਿਕਾਇਤ ਕੀਤੀ ਸੀ ਕਿ ਨਾਜਾਇਜ਼ ਕਬਜ਼ੇ ਦੀ ਵਜ੍ਹਾ ਨਾਲ ਇਸ ਭੀੜ-ਭੜੱਕੇ ਵਾਲੇ ਚੌਕ ’ਤੇ ਅਕਸਰ ਟ੍ਰੈਫਿਕ ਜਾਮ ਲੱਗ ਜਾਂਦਾ ਹੈ। ਪੁਲਸ ਦੇ ਡਾਇਰੈਕਟਰ ਜਨਰਲ (ਕਾਨੂੰਨ-ਵਿਵਸਥਾ) ਸੰਜੇ ਅਗਰਵਾਲ ਨੇ ਕਿਹਾ, “ਸਥਿਤੀ ਪੂਰੀ ਤਰ੍ਹਾਂ ਕਾਬੂ ’ਚ ਹੈ। ਪਥਰਾਅ ’ਚ 6 ਪੁਲਸ ਮੁਲਾਜ਼ਮ ਜਖ਼ਮੀ ਹੋਏ ਹਨ। ਕਾਨੂੰਨ ਹੱਥ ’ਚ ਲੈਣ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।”
ਚੌਮੂ ਦੀ ਜੀ. ਐੱਸ. ਪੀ. ਊਸ਼ਾ ਯਾਦਵ ਨੇ ਕਿਹਾ, ‘‘ਘਟਨਾ ਦੇ ਸਬੰਧ ’ਚ 70 ਲੋਕਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ।’’
