ਮਸਜਿਦ ''ਚੋਂ ਅਗਵਾ ਕੀਤੇ 2 ਪੁਲਸ ਮੁਲਾਜ਼ਮ ਭਰਾਵਾਂ ਦਾ ਬੇਰਹਿਮੀ ਨਾਲ ਕਤਲ, ਤੀਜੇ ਭਰਾ ਦੀ ਤਲਾਸ਼ ਜਾਰੀ

Thursday, Feb 26, 2026 - 04:06 PM (IST)

ਮਸਜਿਦ ''ਚੋਂ ਅਗਵਾ ਕੀਤੇ 2 ਪੁਲਸ ਮੁਲਾਜ਼ਮ ਭਰਾਵਾਂ ਦਾ ਬੇਰਹਿਮੀ ਨਾਲ ਕਤਲ, ਤੀਜੇ ਭਰਾ ਦੀ ਤਲਾਸ਼ ਜਾਰੀ

ਪੇਸ਼ਾਵਰ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਬੰਨੂ ਜ਼ਿਲ੍ਹੇ ਵਿੱਚ ਇੱਕ ਬਹੁਤ ਹੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ, ਜਿੱਥੇ ਹਥਿਆਰਬੰਦ ਅੱਤਵਾਦੀਆਂ ਨੇ ਦੋ ਪੁਲਸ ਮੁਲਾਜ਼ਮ ਭਰਾਵਾਂ ਨੂੰ ਅਗਵਾ ਕਰਨ ਤੋਂ ਬਾਅਦ ਉਨ੍ਹਾਂ ਦਾ ਕਤਲ ਕਰ ਦਿੱਤਾ। ਇਹ ਵਾਰਦਾਤ ਬੁੱਧਵਾਰ ਨੂੰ ਉਸ ਸਮੇਂ ਵਾਪਰੀ ਜਦੋਂ 10 ਤੋਂ 12 ਹਥਿਆਰਬੰਦ ਅੱਤਵਾਦੀਆਂ ਨੇ ਤਰਾਵੀਹ ਦੀ ਨਮਾਜ਼ ਦੌਰਾਨ ਇੱਕ ਮਸਜਿਦ 'ਤੇ ਹਮਲਾ ਕਰ ਦਿੱਤਾ ਅਤੇ ਉੱਥੋਂ ਤਿੰਨ ਭਰਾਵਾਂ ਨੂੰ ਅਗਵਾ ਕਰ ਲਿਆ।

ਤਰਾਵੀਹ ਦੀ ਨਮਾਜ਼ ਦੌਰਾਨ ਦਿੱਤਾ ਵਾਰਦਾਤ ਨੂੰ ਅੰਜਾਮ 
ਚਸ਼ਮਦੀਦਾਂ ਅਨੁਸਾਰ, ਅੱਤਵਾਦੀਆਂ ਨੇ ਮਸਜਿਦ ਵਿੱਚ ਮੌਜੂਦ ਸ਼ਰਧਾਲੂਆਂ ਨੂੰ ਬੰਧਕ ਬਣਾ ਲਿਆ ਅਤੇ ਤਿੰਨ ਭਰਾਵਾਂ ਨੂੰ ਅਗਵਾ ਕਰਕੇ ਅਣਪਛਾਤੀ ਥਾਂ ਵੱਲ ਫਰਾਰ ਹੋ ਗਏ। ਇਨ੍ਹਾਂ ਵਿੱਚੋਂ ਦੋ ਭਰਾ ਪੁਲਸ ਮੁਲਾਜ਼ਮ ਸਨ, ਜਿਨ੍ਹਾਂ ਦੀਆਂ ਲਾਸ਼ਾਂ ਬਾਅਦ ਵਿੱਚ ਮਰਵਤ ਨਹਿਰ ਰੋਡ ਤੋਂ ਬਰਾਮਦ ਹੋਈਆਂ। ਤੀਜਾ ਭਰਾ, ਜੋ ਕਮਿਸ਼ਨਰ ਦਫ਼ਤਰ ਵਿੱਚ ਕਲਰਕ ਵਜੋਂ ਕੰਮ ਕਰਦਾ ਹੈ, ਅਜੇ ਵੀ ਅਗਵਾਕਾਰਾਂ ਦੇ ਕਬਜ਼ੇ ਵਿੱਚ ਹੈ। ਸਥਾਨਕ ਚੇਅਰਮੈਨ ਮਾਸੂਮ ਵਜ਼ੀਰ ਨੇ ਦੱਸਿਆ ਕਿ ਦੋਵਾਂ ਪੁਲਸ ਮੁਲਾਜ਼ਮਾਂ ਦੀਆਂ ਲਾਸ਼ਾਂ ਖੂਨ ਨਾਲ ਲੱਥਪੱਥ ਹਾਲਤ ਵਿੱਚ ਮਿਲੀਆਂ ਹਨ।

ਅੱਤਵਾਦੀਆਂ ਖਿਲਾਫ ਵੱਡੇ ਪੱਧਰ 'ਤੇ ਸਰਚ ਆਪ੍ਰੇਸ਼ਨ
ਰੀਜਨਲ ਪੁਲਸ ਅਫਸਰ (RPO) ਸੱਜਾਦ ਖਾਨ ਨੇ ਦੱਸਿਆ ਕਿ ਇਹ ਅਗਵਾਕਾਰ ਇੱਕ ਅੱਤਵਾਦੀ ਸਮੂਹ ਨਾਲ ਸਬੰਧਤ ਹਨ ਅਤੇ ਉਨ੍ਹਾਂ ਵਿਰੁੱਧ ਪੂਰੇ ਇਲਾਕੇ ਵਿੱਚ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਹਰ ਕੀਮਤ 'ਤੇ ਸਜ਼ਾ ਦਿੱਤੀ ਜਾਵੇਗੀ ਅਤੇ ਤੀਜੇ ਅਗਵਾ ਕੀਤੇ ਵਿਅਕਤੀ ਨੂੰ ਛੁਡਾਉਣ ਲਈ ਪੁਲਿਸ ਤੇ ਸੁਰੱਖਿਆ ਏਜੰਸੀਆਂ ਸਾਂਝੇ ਤੌਰ 'ਤੇ ਕੰਮ ਕਰ ਰਹੀਆਂ ਹਨ।

ਸਰਕਾਰੀ ਸਨਮਾਨਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ 
ਵੀਰਵਾਰ ਨੂੰ ਬੰਨੂ ਦੀ ਪੁਲਸ ਲਾਈਨ ਵਿੱਚ ਸ਼ਹੀਦ ਪੁਲਸ ਮੁਲਾਜ਼ਮਾਂ ਦੀਆਂ ਅੰਤਿਮ ਰਸਮਾਂ ਪੂਰੇ ਸਰਕਾਰੀ ਸਨਮਾਨਾਂ ਨਾਲ ਨਿਭਾਈਆਂ ਗਈਆਂ। ਇਸ ਮੌਕੇ ਡਿਪਟੀ ਕਮਿਸ਼ਨਰ ਮੁਹੰਮਦ ਫਹੀਮ ਖਾਨ ਸਮੇਤ ਕਈ ਸੀਨੀਅਰ ਪੁਲਸ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਹਾਜ਼ਰ ਸਨ।

ਬੰਨੂ 'ਚ ਵਧਦੀਆਂ ਅੱਤਵਾਦੀ ਘਟਨਾਵਾਂ 
ਜ਼ਿਕਰਯੋਗ ਹੈ ਕਿ ਬੰਨੂ ਜ਼ਿਲ੍ਹੇ 'ਚ ਪਿਛਲੇ ਕੁਝ ਸਮੇਂ ਤੋਂ ਸੁਰੱਖਿਆ ਸਥਿਤੀ ਗੰਭੀਰ ਬਣੀ ਹੋਈ ਹੈ। ਇਸ ਤੋਂ ਪਹਿਲਾਂ 21 ਫਰਵਰੀ ਨੂੰ ਇੱਕ ਖੁਫੀਆ ਆਪ੍ਰੇਸ਼ਨ ਦੌਰਾਨ ਹੋਏ ਆਤਮਘਾਤੀ ਹਮਲੇ 'ਚ ਇੱਕ ਲੈਫਟੀਨੈਂਟ ਕਰਨਲ ਤੇ ਇੱਕ ਸਿਪਾਹੀ ਦੀ ਮੌਤ ਹੋ ਗਈ ਸੀ। ਅੱਤਵਾਦੀਆਂ ਵੱਲੋਂ ਲਗਾਤਾਰ ਸੁਰੱਖਿਆ ਕਰਮਚਾਰੀਆਂ ਤੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿਸ ਕਾਰਨ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News