ਜੈਪੁਰ ਦੇ ਹਸਪਤਾਲ ''ਚ ਲੱਗੀ ਭਿਆਨਕ ਅੱਗ, ਬੱਚਿਆਂ ਲਈ ਫ਼ਰਿਸ਼ਤਾ ਬਣਿਆ ਫਾਇਰਮੈਨ
Wednesday, Jul 19, 2023 - 05:48 PM (IST)

ਜੈਪੁਰ- ਜੈਪੁਰ ਸਥਿਤ ਬੱਚਿਆਂ ਦੇ ਰਾਜਸਥਾਨ ਦੇ ਸਭ ਤੋਂ ਵੱਡੇ ਜੇ. ਕੇ. ਲਾਅਨ ਹਸਪਤਾਲ 'ਚ ਸ਼ਾਰਟ ਸਰਕਿਟ ਕਾਰਨ ਅੱਗ ਲੱਗ ਜਾਣ ਕਾਰਨ ਹਫੜਾ-ਦਫੜੀ ਮਚ ਗਈ। ਇਸ ਅੱਗ ਨਾਲ ਕੈਂਸਰ ਵਾਰਡ 'ਚ ਦਾਖ਼ਲ ਕਰੀਬ 50 ਬੱਚੇ ਵਾਲ-ਵਾਲ ਬਚ ਗਏ। ਵਾਰਡ 'ਚ ਦਾਖ਼ਲ ਬੱਚਿਆਂ ਨੂੰ ਦੂਜੇ ਵਾਰਡ 'ਚ ਸ਼ਿਫਟ ਕੀਤਾ ਗਿਆ। ਗਨੀਮਤ ਇਹ ਰਹੀ ਕਿ ਵਾਰਡ 'ਚ ਦਾਖ਼ਲ ਸਾਰੇ ਬੀਮਾਰ ਬੱਚਿਆਂ ਨੂੰ ਸੁਰੱਖਿਆ ਬਾਹਰ ਕੱਢ ਲਿਆ ਗਿਆ ਅਤੇ ਸਮੇਂ ਰਹਿੰਦੇ ਅੱਗ 'ਤੇ ਕਾਬੂ ਪਾਇਆ ਗਿਆ। ਨਹੀਂ ਤਾਂ ਵੱਡਾ ਹਾਦਸਾ ਹੋ ਸਕਦਾ ਸੀ।
ਸੂਚਨਾ ਮਿਲਣ 'ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਢਾਈ ਘੰਟਿਆਂ ਦੀ ਕੋਸ਼ਿਸ਼ ਮਗਰੋਂ ਅੱਗ 'ਤੇ ਕਾਬੂ ਪਾਇਆ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਮੁਤਾਬਕ ਹਸਪਤਾਲ ਦਾ ਫਾਇਰ ਟਾਈਮਿੰਗ ਸਿਸਟਮ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰ ਰਿਹਾ ਸੀ, ਜਿਸ ਦੇ ਚੱਲਦੇ ਅੱਗ ਬੁਝਾਉਣ ਵਿਚ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਫਾਇਰ ਵਿਭਾਗ ਨੇ ਇਕ ਫਾਇਰਮੈਨ ਵਲੋਂ ਬੱਚੇ ਨੂੰ ਬਾਹਰ ਕੱਢਦੇ ਹੋਏ ਤਸਵੀਰ ਵੀ ਜਾਰੀ ਕੀਤੀ ਹੈ। ਤਸਵੀਰ ਵਿਚ ਦਿੱਸ ਰਿਹਾ ਹੈ ਕਿ ਫਾਇਰਮੈਨ ਬੱਚੇ ਨੂੰ ਬਹੁਤ ਹੀ ਸਾਵਧਾਨੀ ਨਾਲ ਚੁੱਕ ਕੇ ਬਾਹਰ ਕੱਢ ਰਿਹਾ ਹੈ। ਇਸ ਫਾਇਰਮੈਨ ਦਾ ਕਹਿਣਾ ਹੈ ਕਿ ਉਸ ਨੇ ਕਈ ਬੱਚਿਆਂ ਨੂੰ ਬਾਹਰ ਕੱਢਿਆ ਹੈ।