ਕਸ਼ਮੀਰ ''ਚ ਅੱਤਵਾਦੀਆਂ ਦੇ ਅੱਡੇ ਦਾ ਪਰਦਾਫਾਸ਼, ਹਥਿਆਰ ਬਰਾਮਦ
Thursday, Feb 18, 2021 - 03:57 PM (IST)
ਜੰਮੂ- ਕੇਂਦਰ ਸ਼ਾਸਿਤ ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ 'ਚ ਮਹੋਰੇ ਇਲਾਕੇ ਦੇ ਜੰਗਲਾਤ ਖੇਤਰ 'ਚ ਸੁਰੱਖਿਆ ਫ਼ੋਰਸਾਂ ਨੇ ਅੱਤਵਾਦੀਆਂ ਦੇ ਅੱਡੇ ਦੇ ਪਰਦਾਫਾਸ਼ ਕਰ ਕੇ ਹਥਿਆਰਾਂ ਅਤੇ ਗੋਲਾ ਬਾਰੂਦ ਦਾ ਜ਼ਖੀਰਾ ਬਰਾਮਦ ਕੀਤਾ ਹੈ। ਅਧਿਕਾਰਤ ਬੁਲਾਰੇ ਨੇ ਵੀਰਵਾਰ ਨੂੰ ਇੱਥੇ ਦੱਸਿਆ ਕਿ ਫ਼ੌਜ ਅਤੇ ਜੰਮੂ ਕਸ਼ਮੀਰ ਪੁਲਸ ਦੇ ਸਾਂਝੇ ਦਲ ਨੇ ਰਿਆਸੀ ਜ਼ਿਲ੍ਹੇ ਦੇ ਮੱਕੀਦਾਰ ਜੰਗਲ 'ਚ ਇਕੱਠੇ ਕੀਤੇ ਗਏ ਭਾਰੀ ਮਾਤਰਾ 'ਚ ਹਥਿਆਰ ਅਤੇ ਯੁੱਧ ਸਮੱਗਰੀ ਬਰਾਮਦ ਕੀਤੀ ਹੈ।
ਇਹ ਵੀ ਪੜ੍ਹੋ : ਭਾਰਤੀ ਫ਼ੌਜ ਨੇ ਵਿਦੇਸ਼ੀ ਡਿਪਲੋਮੈਟਾਂ ਨੂੰ ਦਿੱਤੀ ਸਰਹੱਦ ਪਾਰ ਅੱਤਵਾਦ ਦੀ ਜਾਣਕਾਰੀ
ਬੁਲਾਰੇ ਨੇ ਦੱਸਿਆ ਕਿ 17-18 ਫਰਵਰੀ ਦੀ ਰਾਤ ਜੰਮੂ ਖੇਤਰ ਦੇ ਰਿਆਸੀ ਜ਼ਿਲ੍ਹੇ ਦੇ ਅੰਦਰੂਨੀ ਇਲਾਕਿਆਂ 'ਚ ਚਲਾਈ ਗਈ ਸਾਂਝੀ ਮੁਹਿੰਮ 'ਚ ਯੁੱਧ ਸਮੱਗਰੀ ਨਾਲ ਭਾਰੀ ਮਾਤਰਾ 'ਚ ਹਥਿਆਰ ਬਰਾਮਦ ਹੋਏ ਹਨ। ਉਨ੍ਹਾਂ ਦੱਸਿਆ ਕਿ ਰਿਆਸੀ ਜ਼ਿਲ੍ਹੇ ਦੇ ਮੱਕੀਦਾਰ ਦੇ ਸੰਘਣੇ ਜੰਗਲਾਂ 'ਚ ਸ਼ੱਕੀ ਗਤੀਵਿਧੀਆਂ ਨੂੰ ਲੈ ਕੇ ਭਰੋਸੇਯੋਗ ਸਰੋਤ ਤੋਂ ਜਾਣਕਾਰੀ ਮਿਲੀ ਸੀ। ਉਨ੍ਹਾਂ ਦੱਸਿਆ ਕਿ ਫ਼ੌਜ ਅਤੇ ਜੰਮੂ ਕਸ਼ਮੀਰ ਪੁਲਸ ਵਲੋਂ ਸਾਂਝੇ ਰੂਪ ਨਾਲ ਲਗਾਤਾਰ ਚਲਾਈਆਂ ਜਾ ਰਹੀਆਂ ਕੋਸ਼ਿਸ਼ਾਂ ਨਾਲ ਯੁੱਧ ਸਮੱਗਰੀ ਅਤੇ ਹਥਿਆਰਾਂ ਦੇ ਵਿਸ਼ਾਲ ਜ਼ਖੀਰੇ ਦਾ ਪਤਾ ਲੱਗਾ ਹੈ। ਹਥਿਆਰਾਂ ਦੇ ਜ਼ਖੀਰੇ 'ਚ ਇਕ ਏ.ਕੇ.-47 ਰਾਈਫਲ, ਏ.ਕੇ. ਐੱਸ.ਐੱਲ. ਰਾਈਫ਼ਲ, ਏ.ਕੇ. 303 ਬੋਲਟ ਰਾਈਫਲ, 2 ਚੀਨੀ ਪਿਸਤੌਲ, ਗੋਲਾ-ਬਾਰੂਦ ਨਾਲ ਇਕ ਪਿਸਤੌਲ ਐੱਮ.ਏ.ਜੀ., ਐਂਟੀਨਾ ਵਾਲੇ 2 ਰੇਡੀਓ ਸੈੱਟ, ਇਕ ਏ.ਕੇ.-47, ਗੋਲਾ ਬਾਰੂਦ ਦਾ ਡੱਬਾ, 4 ਯੂ.ਬੀ.ਜੀ.ਐੱਲ. ਗ੍ਰਨੇਡ ਸ਼ਾਮਲ ਹਨ।