ਨਾਜਾਇਜ਼ ਰੇਤਾ ਦੀਆਂ ਭਰੀਆਂ 4 ਟਰੈਕਟਰ-ਟਰਾਲੀਆਂ ਬਰਾਮਦ
Tuesday, Sep 15, 2026 - 02:51 PM (IST)
ਫਿਰੋਜ਼ਪੁਰ (ਖੁੱਲਰ) : ਫਿਰੋਜ਼ਪੁਰ ਪੁਲਸ ਵੱਲੋਂ ਗੈਰ-ਕਾਨੂੰਨੀ ਮਾਈਨਿੰਗ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਸ ਟੀਮ ਨੂੰ ਸਫ਼ਲਤਾ ਮਿਲੀ ਹੈ। ਪੁਲਸ ਨੇ ਪਿੰਡ ਕਾਲੂਵਾਲਾ ਦਰਿਆ ਇਲਾਕੇ ’ਚੋਂ ਰੇਤ ਦੀ ਨਾਜਾਇਜ਼ ਨਿਕਾਸੀ ਕਰਕੇ ਵੇਚਣ ਦੇ ਦੋਸ਼ ’ਚ 4 ਟਰੈਕਟਰ-ਟਰਾਲੀਆਂ ਰੇਤਾ ਦੀਆਂ ਭਰੀਆਂ ਬਰਾਮਦ ਕਰਕੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 303(2) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਸਹਾਇਕ ਸਬ-ਇੰਸਪੈਕਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਪੁਲਸ ਟੀਮ ਨਾਲ ਇਲਾਕੇ ਵਿਚ ਗਸ਼ਤ ਕਰ ਰਹੇ ਸਨ, ਤਾਂ ਉਨ੍ਹਾਂ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਪਿੰਡ ਕਾਲੂਵਾਲਾ ਦਰਿਆ ਵਿਖੇ ਅਣਪਛਾਤੇ ਟਰੈਕਟਰ ਡਰਾਈਵਰਾਂ ਵੱਲੋਂ ਨਾਜਾਇਜ਼ ਤੌਰ ’ਤੇ ਰੇਤ ਦੀ ਖ਼ੁਦਾਈ ਕਰਕੇ ਚੋਰੀ-ਛਿਪੇ ਰੇਤ ਵੇਚੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਜਦੋਂ ਪੁਲਸ ਟੀਮ ਨੇ ਮੌਕੇ ’ਤੇ ਛਾਪੇਮਾਰੀ ਕੀਤੀ ਤਾਂ ਪੁਲਿਸ ਨੂੰ ਦੇਖ ਕੇ ਡਰਾਈਵਰ ਮੌਕੇ ਤੋਂ ਭੱਜਣ ਵਿਚ ਕਾਮਯਾਬ ਹੋ ਗਏ ਤੇ ਮੌਕੇ ’ਤੇ ਨਾਜਾਇਜ਼ ਰੇਤ ਨਾਲ ਭਰੀਆਂ 4 ਟਰਾਲੀਆਂ ਅਤੇ ਟਰੈਕਟਰਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਪੁਲਿਸ ਨੇ ਦੱਸਿਆ ਕਿ ਅਣਪਛਾਤੇ ਟਰੈਕਟਰ ਟਰਾਲੀਆਂ ਚਾਲਕਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
