ਰੇਲਵੇ ਲਾਈਨਾਂ ਨੇੜਿਓਂ ਵਿਅਕਤੀ ਦੀ ਲਾਸ਼ ਬਰਾਮਦ
Sunday, Sep 27, 2026 - 04:03 PM (IST)
ਬਠਿੰਡਾ (ਮਨਜੀਤ) : ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ ’ਤੇ ਪੈਂਦੇ ਪਿੰਡ ਪਥਰਾਲਾ ਨੇੜੇ ਬਠਿੰਡਾ-ਬੀਕਾਨੇਰ ਰੇਲਵੇ ਲਾਈਨ ਕੋਲੋਂ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਲਾਸ਼ ਦੀ ਪਛਾਣ ਨਾ ਹੋਣ ਕਾਰਨ ਰੇਲਵੇ ਪੁਲਸ ਵੱਲੋਂ ਮ੍ਰਿਤਕ ਦੀ ਪਛਾਣ ਲਈ ਲੋਕਾਂ ਤੋਂ ਸਹਿਯੋਗ ਦੀ ਅਪੀਲ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਥਾਣਾ ਸੰਗਤ ਦੇ ਹੌਲਦਾਰ ਗਗਨਦੀਪ ਸਿੰਘ ਨੇ ਦੱਸਿਆ ਕਿ ਪਥਰਾਲਾ ਨੇੜੇ ਰੇਲਵੇ ਲਾਈਨ ਕੋਲੋਂ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਸੀ। ਪੁਲਸ ਵੱਲੋਂ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ ਗਈ ਪਰ ਮ੍ਰਿਤਕ ਵਿਅਕਤੀ ਕੋਲੋਂ ਕੋਈ ਅਜਿਹਾ ਪਛਾਣ ਪੱਤਰ, ਦਸਤਾਵੇਜ਼ ਜਾਂ ਹੋਰ ਵਸਤੂ ਨਹੀਂ ਮਿਲੀ, ਜਿਸ ਰਾਹੀਂ ਉਸ ਦੀ ਸ਼ਨਾਖਤ ਹੋ ਸਕੇ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਉਮਰ ਕਰੀਬ 30 ਸਾਲ ਦੇ ਕਰੀਬ ਲੱਗਦੀ ਹੈ। ਉਸ ਨੇ ਲਾਲ, ਕਾਲੀ ਅਤੇ ਪੀਲੀ ਰੰਗ ਦੀ ਟੀ-ਸ਼ਰਟ ਅਤੇ ਸਲੇਟੀ ਤੇ ਚਿੱਟੀਆਂ ਧਾਰੀਆਂ ਵਾਲੀ ਕੈਪਰੀ ਪਹਿਨੀ ਹੋਈ ਹੈ।
ਮ੍ਰਿਤਕ ਦੀ ਸੱਜੀ ਬਾਂਹ ’ਤੇ ਕਿਸੇ ਮਹਾਤਮਾ ਦਾ ਵੱਡਾ ਟੈਟੂ ਦੇ ਰੂਪ ਵਿੱਚ ਬਣਿਆ ਹੋਇਆ ਹੈ। ਪੁਲਸ ਮੁਤਾਬਕ ਇਹ ਟੈਟੂ ਮ੍ਰਿਤਕ ਦੀ ਪਛਾਣ ਕਰਨ ਲਈ ਅਹਿਮ ਸੁਰਾਗ ਸਾਬਤ ਹੋ ਸਕਦਾ ਹੈ। ਹੌਲਦਾਰ ਗਗਨਦੀਪ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਵਿਅਕਤੀ ਦੀ ਮੌਤ ਚੱਲਦੀ ਗੱਡੀ ਤੋਂ ਡਿੱਗਣ ਕਾਰਨ ਹੋ ਸਕਦੀ ਹੈ। ਹਾਲਾਂਕਿ ਮੌਤ ਦੇ ਅਸਲ ਕਾਰਨਾਂ ਸਬੰਧੀ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਸਥਿਤੀ ਹੋਰ ਸਪੱਸ਼ਟ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਦੀ ਪਛਾਣ ਨਾ ਹੋਣ ਕਾਰਨ ਮੰਡੀ ਡੱਬਵਾਲੀ ਐਂਬੂਲੈਂਸ ਟਰੱਸਟ ਦੇ ਹਰਪ੍ਰੀਤ ਸਿੰਘ ਦੀ ਮਦਦ ਨਾਲ ਲਾਸ਼ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ 72 ਘੰਟਿਆਂ ਲਈ ਸੁਰੱਖਿਅਤ ਰਖਵਾ ਦਿੱਤਾ ਹੈ ਤਾਂ ਜੋ ਇਸ ਦੌਰਾਨ ਮ੍ਰਿਤਕ ਦੇ ਵਾਰਸਾਂ ਜਾਂ ਜਾਣਕਾਰਾਂ ਦੀ ਭਾਲ ਕੀਤੀ ਜਾ ਸਕੇ। ਰੇਲਵੇ ਪੁਲਸ ਨੇ ਇਲਾਕੇ ਦੇ ਲੋਕਾਂ ਅਤੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਉਕਤ ਹੂਲੀਏ ਵਾਲੇ ਨੌਜਵਾਨ ਬਾਰੇ ਕੋਈ ਜਾਣਕਾਰੀ ਹੋਵੇ ਜਾਂ ਸੱਜੀ ਬਾਂਹ ’ਤੇ ਬਣੇ ਮਹਾਤਮਾ ਦੇ ਵੱਡੇ ਟੈਟੂ ਦੇ ਆਧਾਰ ’ਤੇ ਉਸ ਦੀ ਪਛਾਣ ਕਰ ਸਕਦਾ ਹੋਵੇ ਤਾਂ ਉਹ ਤੁਰੰਤ ਰੇਲਵੇ ਥਾਣਾ ਸੰਗਤ ਨਾਲ ਸੰਪਰਕ ਕਰੇ।
