ਫ਼ਿਰੋਜ਼ਪੁਰ ਕੇਂਦਰੀ ਜੇਲ੍ਹ ’ਚੋਂ ਮੋਬਾਇਲ ਫ਼ੋਨ ਤੇ ਨਸ਼ੀਲੇ ਕੈਪਸੂਲ ਬਰਾਮਦ
Wednesday, Sep 16, 2026 - 02:06 PM (IST)
ਫਿਰੋਜ਼ਪੁਰ (ਖੁੱਲਰ) : ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਵਿੱਚੋਂ ਮੋਬਾਇਲ ਫ਼ੋਨ, ਨਸ਼ੀਲੇ ਕੈਪਸੂਲ ਅਤੇ ਹੋਰ ਸਮਾਨ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜੇਲ੍ਹ ਪ੍ਰਸ਼ਾਸਨ ਵੱਲੋਂ ਚਲਾਈ ਗਈ ਚੈਕਿੰਗ ਮੁਹਿੰਮ ਦੌਰਾਨ ਵੱਖ-ਵੱਖ ਬੈਰਕਾਂ ਅਤੇ ਹਵਾਲਾਤੀਆਂ ਕੋਲੋਂ ਇਹ ਗੈਰ-ਕਾਨੂੰਨੀ ਸਾਮਾਨ ਬਰਾਮਦ ਕੀਤਾ ਗਿਆ ਹੈ। ਥਾਣਾ ਸਿਟੀ ਫ਼ਿਰੋਜ਼ਪੁਰ ਦੀ ਪੁਲਸ ਨੇ 10 ਹਵਾਲਾਤੀਆਂ ਖ਼ਿਲਾਫ਼ ਪੰਜਾਬ ਪ੍ਰੀਜ਼ਨ ਕਰੈਕਸ਼ਨਲ ਸਰਵਿਸ ਐਕਟ 2026 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੀ ਤਲਾਸ਼ੀ ਦੌਰਾਨ ਹਵਾਲਾਤੀ ਸੰਦੀਪ ਸਿੰਘ ਪੁੱਤਰ ਪਿੱਪਲ ਸਿੰਘ ਵਾਸੀ ਚਾਂਦੀ ਵਾਲਾ ਕੋਲੋਂ 7 ਨਸ਼ੀਲੇ ਕੈਪਸੂਲ ਅਤੇ ਇਕ ਡਾਟਾ ਕੇਬਲ ਬਰਾਮਦ ਕੀਤੀ ਹੈ।
ਇਸੇ ਤਰ੍ਹਾਂ ਤਲਾਸ਼ੀ ਮੁਹਿੰਮ ਦੌਰਾਨ ਹਵਾਲਾਤੀ ਅਕਾਸ਼ ਉਰਫ਼ ਛੋਟੂ ਪੁੱਤਰ ਤਰਸੇਮ ਵਾਸੀ ਅੰਮ੍ਰਿਤਸਰ, ਹਵਾਲਾਤੀ ਗੁਰਦੀਪ ਸਿੰਘ ਪੁੱਤਰ ਕਿਰਪਾਲ ਸਿੰਘ, ਹਵਾਲਾਤੀ ਕਰਨ ਕੁਮਾਰ ਪੁੱਤਰ ਰਾਜ ਕੁਮਾਰ, ਹਵਾਲਾਤੀ ਸੁਮਿਤ ਪੁੱਤਰ ਗੱਬਰ, ਹਵਾਲਾਤੀ ਅਰੁਣ ਉਰਫ ਸਰਬਜੀਤ ਸਿੰਘ, ਹਵਾਲਾਤੀ ਦੀਪਕ ਕੁਮਾਰ ਉਰਫ਼ ਦੀਪਾ ਪੁੱਤਰ ਬੱਬੂ ਵਾਸੀ ਪਿੰਡ ਖਾਈ ਫੇਮੇ ਕੇ, ਦੀਪਕ ਕੁਮਾਰ ਪੁੱਤਰ ਮੋਹਨ ਸਿੰਘ ਵਾਸੀ ਗੁਰਦਾਸਪੁਰ, ਹਵਾਲਾਤੀ ਭਵਨੇਸ਼ ਪੁੱਤਰ ਹਰਮੇਸ਼ ਸਿੰਘ ਵਾਸੀ ਜੰਮੂ ਅਤੇ ਹਵਾਲਾਤੀ ਰਾਜੀਵ ਕੁਮਾਰ ਪੁੱਤਰ ਬ੍ਰਹਮ ਕੁਮਾਰ ਵਾਸੀ ਖਾਈ ਫੇਮੇ ਕੀ ਕੋਲੋਂ 9 ਮੋਬਾਇਲ ਫੋਨ, ਸਿੰਮ ਕਾਰਡ, ਬੈਟਰੀਆਂ, ਡਾਟਾ ਕੇਬਲਾਂ ਨਸ਼ੀਲੇ ਕੈਪਸੂਲ ਬਰਾਮਦ ਕੀਤੇ ਹਨ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਨਾਮਜ਼ਦ ਕੀਤੇ ਗਏ 10 ਹਵਾਲਾਤੀਆਂ ਵਿੱਚੋਂ 9 ਹਵਾਲਾਤੀ ਜੇਲ੍ਹ ਦੇ ਅੰਦਰ ਹੀ ਬੰਦ ਹਨ, ਜਦੋਂ ਕਿ 10ਵੇਂ ਦੋਸ਼ੀ ਰਾਜੀਵ ਕੁਮਾਰ ਪੁੱਤਰ ਬ੍ਰਹਮ ਕੁਮਾਰ ਦੀ ਗ੍ਰਿਫ਼ਤਾਰੀ ਅਜੇ ਬਾਕ ਹੈ। ਜੇਲ੍ਹ ਅੰਦਰ ਮੋਬਾਇਲ ਫ਼ੋਨ ਅਤੇ ਨਸ਼ੀਲੀਆਂ ਵਸਤੂਆਂ ਦਾ ਪਹੁੰਚਣਾ ਜੇਲ੍ਹ ਦੀ ਸੁਰੱਖਿਆ ’ਤੇ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਕਰਦਾ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਦੱਸਿਆ ਕਿ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਜੇਲ੍ਹ ਦੇ ਅੰਦਰ ਇਹ ਮੋਬਾਇਲ ਅਤੇ ਨਸ਼ੀਲੇ ਕੈਪਸੂਲ ਕਿਸ ਦੇ ਜ਼ਰੀਏ ਪਹੁੰਚਾਏ ਗਏ ਸਨ।
