ਅੰਮ੍ਰਿਤਸਰ ਪੁਲਸ ਦਾ ਵੱਡਾ ਐਕਸ਼ਨ: 7 ਕਿਲੋ ਹੈਰੋਇਨ ਤੇ 4 ਕਿਲੋ ਅਫੀਮ ਬਰਾਮਦ ਸਣੇ 29 ਤਸਕਰ ਕਾਬੂ
Sunday, Sep 13, 2026 - 01:41 PM (IST)
ਅੰਮ੍ਰਿਤਸਰ (ਰਮਨ)- ਸ਼ਹਿਰ ਵਿਚ ਨਸ਼ਿਆਂ ਖ਼ਿਲਾਫ਼ ਕਮਿਸ਼ਨਰੇਟ ਪੁਲਸ ਅੰਮ੍ਰਿਤਸਰ ਨੇ ਸ਼ਨੀਵਾਰ ਨੂੰ ਵੱਡੀ ਕਾਰਵਾਈ ਕਰਦਿਆਂ ਮਕਬੂਲਪੁਰਾ ਦੇ ਡਰੱਗ ਹੌਟਸਪੌਟ ਖੇਤਰ ਵਿਚ ਵੱਡੇ ਪੱਧਰ ’ਤੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ। ਸਵੇਰੇ ਕਰੀਬ 7 ਵਜੇ ਸ਼ੁਰੂ ਹੋਈ ਇਸ ਮੁਹਿੰਮ ਨਾਲ ਪੁਲਸ ਦੀ ਇਸ ਕਾਰਵਾਈ ਕਰਕੇ ਪੂਰੇ ਖੇਤਰ ਵਿਚ ਭਗਦੜ ਮੱਚ ਗਈ। ਸ਼ੱਕੀ ਵਿਅਕਤੀਆਂ ਅਤੇ ਨਸ਼ੇ ਨਾਲ ਜੁੜੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਲਈ ਵੱਡੀ ਗਿਣਤੀ ਵਿਚ ਪੁਲਸ ਬਲ ਤਾਇਨਾਤ ਕੀਤਾ ਗਿਆ। ਇਹ ਕਾਰਵਾਈ ਏ. ਡੀ. ਜੀ. ਪੀ./ਐੱਸ.ਏ.ਪੀ. ਐੱਮ. ਐੱਫ. ਫ਼ਾਰੂਕੀ, ਆਈ.ਪੀ.ਐੱਸ. ਅਤੇ ਪੁਲਸ ਕਮਿਸ਼ਨਰ ਅੰਮ੍ਰਿਤਸਰ ਹਰਮਨਬੀਰ ਸਿੰਘ ਗਿੱਲ, ਆਈ.ਪੀ.ਐੱਸ. ਦੀ ਦੇਖਰੇਖ ਹੇਠ ਕੀਤੀ ਗਈ। ਮੁਹਿੰਮ ਦੌਰਾਨ ਸੀਨੀਅਰ ਪੁਲਸ ਅਧਿਕਾਰੀਆਂ ਦੀ ਅਗਵਾਈ ਵਿਚ ਵੱਖ-ਵੱਖ ਪੁਲਸ ਟੀਮਾਂ ਨੇ ਮਕਬੂਲਪੁਰਾ ਖੇਤਰ ਦੀਆਂ ਗਲੀਆਂ ਵਿਚ ਪਹੁੰਚ ਕੇ ਸ਼ੱਕੀ ਟਿਕਾਣਿਆਂ ਅਤੇ ਵਿਅਕਤੀਆਂ ਦੀ ਤਲਾਸ਼ੀ ਲਈ।
ਇਹ ਵੀ ਪੜ੍ਹੋ-ਪੰਜਾਬ 'ਚ ਮੰਗਲਵਾਰ ਨੂੰ ਵੀ ਛੁੱਟੀ !
18 ਗਲੀਆਂ ਨੂੰ ਕੀਤਾ ਕਵਰ
ਪੁਲਸ ਅਨੁਸਾਰ ਮਕਬੂਲਪੁਰਾ ਖੇਤਰ ਵਿਚ ਕੁੱਲ 18 ਗਲੀਆਂ ਹਨ। ਇਨ੍ਹਾਂ ਵਿਚੋਂ 3-4 ਗਲੀਆਂ ਨੂੰ ਪਿਛਲੀਆਂ ਪੁਲਸ ਕਾਰਵਾਈਆਂ ਦੌਰਾਨ ਲਗਾਤਾਰ ਕਾਰਵਾਈ ਕਰ ਕੇ ਪ੍ਰਭਾਵਸ਼ਾਲੀ ਢੰਗ ਨਾਲ ਨਸ਼ੇ ਦੀਆਂ ਗਤੀਵਿਧੀਆਂ ਤੋਂ ਮੁਕਤ ਕੀਤਾ ਜਾ ਚੁੱਕਾ ਹੈ। ਪੁਲਸ ਵੱਲੋਂ ਨਸ਼ਾ ਸਮੱਗਲਿੰਗ ਨਾਲ ਜੁੜੇ ਮੁਲਜ਼ਮਾਂ ਖ਼ਿਲਾਫ਼ ਮਾਮਲੇ ਦਰਜ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤੀ ਹਿਰਾਸਤ ਵਿਚ ਭੇਜਿਆ ਗਿਆ। ਉੱਥੇ ਹੀ ਨਸ਼ੇ ਦੀ ਲਤ ਤੋਂ ਪ੍ਰਭਾਵਿਤ ਲੋਕਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਇਲਾਜ ਅਤੇ ਮੁੜ-ਵਸੇਬੇ ਲਈ ਨਸ਼ਾ ਛੁਡਾਊ ਕੇਂਦਰਾਂ ਅਤੇ ਓ. ਓ. ਏ. ਟੀ. ਕੇਂਦਰਾਂ ਵਿਚ ਭੇਜਿਆ ਗਿਆ। ਸ਼ਨੀਵਾਰ ਨੂੰ ਚਲਾਈ ਗਈ ਮੁਹਿੰਮ ਦਾ ਮੁੱਖ ਉਦੇਸ਼ ਬਾਕੀ ਬਚੀਆਂ ਗਲੀਆਂ ਨੂੰ ਵੀ ਪੁਲਸ ਕਾਰਵਾਈ ਦੇ ਦਾਇਰੇ ਵਿਚ ਲਿਆਉਣਾ ਅਤੇ ਨਸ਼ੇ ਦੀ ਸਮੱਗਲਿੰਗ ਤੇ ਇਸ ਨਾਲ ਜੁੜੀਆਂ ਗਤੀਵਿਧੀਆਂ ’ਤੇ ਪੂਰੀ ਤਰ੍ਹਾਂ ਰੋਕ ਲਗਾਉਣਾ ਹੈ।
ਇਹ ਵੀ ਪੜ੍ਹੋ- ਤਰਨਤਾਰਨ 'ਚ ਵੱਡਾ ਐਨਕਾਊਂਟਰ, ਪੁਲਸ ਤੇ ਲੋੜੀਂਦੇ ਮੁਲਜ਼ਮ ਵਿਚਾਲੇ ਚੱਲੀਆਂ ਗੋਲੀਆਂ
14 ਪੁਲਸ ਪਾਰਟੀਆਂ, 220 ਮੁਲਾਜ਼ਮ ਤਾਇਨਾਤ
ਮਕਬੂਲਪੁਰਾ ਵਿਚ ਚਲਾਈ ਗਈ ਇਸ ਵੱਡੀ ਮੁਹਿੰਮ ਲਈ ਪੁਲਸ ਦੀਆਂ 14 ਵੱਖ-ਵੱਖ ਪਾਰਟੀਆਂ ਬਣਾਇਆ ਗਈਆਂ ਸਨ। ਇਨ੍ਹਾਂ ਟੀਮਾਂ ਵਿਚ ਇੱਕ ਡੀ.ਸੀ.ਪੀ., ਦੋ ਏ.ਡੀ.ਸੀ.ਪੀ., ਦੋ ਏ.ਸੀ.ਪੀ. ਅਤੇ ਕਰੀਬ 220 ਪੁਲਸ ਕਰਮਚਾਰੀ ਸ਼ਾਮਲ ਸਨ। ਸੀਨੀਅਰ ਅਧਿਕਾਰੀਆਂ ਦੀ ਦੇਖਰੇਖ ਵਿਚ ਪੁਲਸ ਟੀਮਾਂ ਨੇ ਖੇਤਰ ਦੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਚਲਾਈ। ਪੁਲਸ ਵੱਲੋਂ ਹੁਣ ਤੱਕ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਕਾਰਵਾਈ ਦੌਰਾਨ 25 ਮਾਮਲੇ ਦਰਜ ਕੀਤੇ ਗਏ ਹਨ ਅਤੇ 29 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਤਲਾਸ਼ੀ ਦੌਰਾਨ ਪੁਲਸ ਨੇ ਵੱਡੀ ਮਾਤਰਾ ਵਿਚ ਨਸ਼ੀਲਾ ਪਦਾਰਥ ਵੀ ਬਰਾਮਦ ਕੀਤਾ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੱਡੀ ਵਾਰਦਾਤ, ASI ਦੇ ਸਿਰ 'ਚ ਮਾਰੀ ਗੋਲੀ
ਕਰੋੜਾਂ ਦੀ ਨਸ਼ੇ ਦੀ ਖੇਪ ਬਰਾਮਦ
ਕਾਰਵਾਈ ਦੌਰਾਨ ਪੁਲਸ ਨੇ 7.014 ਕਿੱਲੋ ਹੈਰੋਇਨ ਅਤੇ 4.200 ਕਿੱਲੋ ਅਫ਼ੀਮ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਇੱਕ ਪਿਸਤੌਲ ਅਤੇ ਇੱਕ ਮੋਬਾਈਲ ਫ਼ੋਨ ਵੀ ਬਰਾਮਦ ਕੀਤਾ ਗਿਆ ਹੈ। ਇੰਨੀ ਵੱਡੀ ਮਾਤਰਾ ਵਿਚ ਹੈਰੋਇਨ ਅਤੇ ਅਫ਼ੀਮ ਦੀ ਬਰਾਮਦਗੀ ਨੂੰ ਪੁਲਸ ਦੀ ਵੱਡੀ ਸਫ਼ਲਤਾ ਮੰਨਿਆ ਜਾ ਰਿਹਾ ਹੈ। ਪੁਲਸ ਟੀਮਾਂ ਵੱਲੋਂ ਮੁਹਿੰਮ ਦੌਰਾਨ ਸ਼ੱਕੀ ਗਤੀਵਿਧੀਆਂ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਹਿੰਮ ਪੂਰੀ ਹੋਣ ਤੋਂ ਬਾਅਦ ਗ੍ਰਿਫ਼ਤਾਰੀਆਂ ਅਤੇ ਬਰਾਮਦਗੀ ਨਾਲ ਸਬੰਧਤ ਵਿਸਥਾਰਤ ਜਾਣਕਾਰੀ ਵੀ ਸਾਹਮਣੇ ਆ ਸਕਦੀ ਹੈ।
ਇਹ ਵੀ ਪੜ੍ਹੋ- RPG ਹਮਲੇ 'ਚ ਨਾਮਜ਼ਦ ਮੁਲਜ਼ਮ ਦਾ ਗੋਲੀਆਂ ਮਾਰ ਕੇ ਕਤਲ
ਨਸ਼ੇ ਦੀ ਲਤ ਤੋਂ ਪ੍ਰਭਾਵਿਤ ਲੋਕਾਂ ਨੂੰ ਇਲਾਜ ਲਈ ਭੇਜਿਆ ਜਾ ਰਿਹਾ
ਪੁਲਸ ਦੀ ਇਸ ਕਾਰਵਾਈ ਦਾ ਉਦੇਸ਼ ਕੇਵਲ ਨਸ਼ਾ ਸਮੱਗਲਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨਾ ਹੀ ਨਹੀਂ, ਬਲਕਿ ਨਸ਼ੇ ਦੀ ਲਤ ਤੋਂ ਪ੍ਰਭਾਵਿਤ ਲੋਕਾਂ ਨੂੰ ਇਲਾਜ ਮੁਹੱਈਆ ਕਰਵਾਉਣਾ ਵੀ ਹੈ। ਮੁਹਿੰਮ ਦੌਰਾਨ ਨਸ਼ੇ ’ਤੇ ਨਿਰਭਰ ਪਾਏ ਗਏ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਯੋਗ ਇਲਾਜ, ਕਾਊਂਸਲਿੰਗ ਅਤੇ ਮੁੜ-ਵਸੇਬੇ ਲਈ ਨਸ਼ਾ ਛੁਡਾਊ ਕੇਂਦਰਾਂ, ਓ. ਓ. ਏ. ਟੀ. ਕੇਂਦਰਾਂ ਵਿਚ ਭੇਜਿਆ ਜਾ ਰਿਹਾ ਹੈ। ਪੁਲਸ ਅਧਿਕਾਰੀਆਂ ਅਨੁਸਾਰ ਨਸ਼ੇ ਦੀ ਸਮੱਸਿਆ ਤੋਂ ਪ੍ਰਭਾਵਿਤ ਲੋਕਾਂ ਨੂੰ ਇਲਾਜ ਮੁਹੱਈਆ ਕਰਵਾ ਕੇ ਉਨ੍ਹਾਂ ਨੂੰ ਦੁਬਾਰਾ ਸਮਾਜ ਦੀ ਮੁੱਖ ਧਾਰਾ ਵਿਚ ਲਿਆਉਣ ਦਾ ਯਤਨ ਕੀਤਾ ਜਾ ਰਿਹਾ ਹੈ। ਉੱਥੇ ਹੀ ਨਸ਼ੇ ਦੀ ਸਪਲਾਈ ਕਰਨ ਵਾਲਿਆਂ ਅਤੇ ਸਮੱਗਲਿੰਗ ਵਿਚ ਸ਼ਾਮਲ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਨਸ਼ਾ ਮੁਕਤ ਖੇਤਰ ਬਣਾਉਣ ਦਾ ਟੀਚਾ
ਕਮਿਸ਼ਨਰੇਟ ਪੁਲਸ ਵੱਲੋਂ ਮਕਬੂਲਪੁਰਾ ਖੇਤਰ ਨੂੰ ਨਸ਼ਾ ਮੁਕਤ ਬਣਾਉਣ ਲਈ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਨਸ਼ਿਆਂ ਖ਼ਿਲਾਫ਼ ਚਲਾਈ ਗਈ ਮੁਹਿੰਮ ਅੱਗੇ ਵੀ ਜਾਰੀ ਰਹੇਗੀ। ਪੁਲਸ ਦਾ ਫ਼ੋਕਸ ਨਸ਼ੇ ਦੀ ਸਪਲਾਈ ਚੇਨ ਨੂੰ ਤੋੜਨ, ਸਮੱਗਲਰਾਂ ਦੀ ਪਛਾਣ ਕਰਨ ਅਤੇ ਨਸ਼ੇ ਦੀ ਗ੍ਰਿਫ਼ਤ ਵਿਚ ਫਸੇ ਲੋਕਾਂ ਨੂੰ ਇਲਾਜ ਅਤੇ ਮੁੜ-ਵਸੇਬੇ ਦੀ ਸੁਵਿਧਾ ਮੁਹੱਈਆ ਕਰਵਾਉਣ ’ਤੇ ਹੈ। ਮਕਬੂਲਪੁਰਾ ਵਿਚ ਸ਼ਨੀਵਾਰ ਨੂੰ ਕੀਤੀ ਗਈ ਵੱਡੀ ਘੇਰਾਬੰਦੀ ਅਤੇ ਤਲਾਸ਼ੀ ਕਾਰਵਾਈ ਨੂੰ ਇਸੇ ਮੁਹਿੰਮ ਦੀ ਅਗਲੀ ਕੜੀ ਮੰਨਿਆ ਜਾ ਰਿਹਾ ਹੈ। ਪੁਲਸ ਦਾ ਕਹਿਣਾ ਹੈ ਕਿ ਕਾਨੂੰਨ ਵਿਵਸਥਾ ਅਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਮਜ਼ਬੂਤ ਬਣਾਉਣ ਲਈ ਨਸ਼ੇ ਖ਼ਿਲਾਫ਼ ਕਿਸੇ ਵੀ ਪੱਧਰ ’ਤੇ ਢਿੱਲ ਨਹੀਂ ਵਰਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
