ਕੁਲਗਾਮ ''ਚ ਅੱਤਵਾਦੀਆਂ ਨੇ ਪੁਲਸ ਮੁਲਾਜ਼ਮ ਦੀ ਅਗਵਾ ਪਿੱਛੋਂ ਕੀਤੀ ਹੱਤਿਆ

07/22/2018 11:59:21 AM

ਸ਼੍ਰੀਨਗਰ (ਮਜੀਦ)— ਤਾਬਕ ਮੁਹੰਮਦ ਸਲੀਮ ਸ਼ਾਹ ਨੂੰ ਐੱਸ. ਪੀ. ਓ. ਤੋਂ  ਤਰੱਕੀ ਦੇ ਕੇ ਕਾਂਸਟੇਬਲ ਬਣਾਇਆ ਗਿਆ ਸੀ। ਕਠੂਆ ਸਿਖਲਾਈ ਕੇਂਦਰ ਤੋਂ ਉਹ ਕੁਝ ਦਿਨ ਪਹਿਲਾਂ ਛੁੱਟੀ 'ਤੇ ਘਰ ਗਿਆ ਸੀ। ਸ਼ੁੱਕਰਵਾਰ ਰਾਤ ਕੁਝ ਬੰਦੂਕਧਾਰੀ ਸਲੀਮ ਦੇ ਘਰ ਆਏ ਅਤੇ ਉਸਨੂੰ ਬੰਦੂਕ ਦੀ ਨੋਕ 'ਤੇ ਅਗਵਾ ਕਰ ਕੇ ਕਿਸੇ ਅਣਦੱਸੀ ਥਾਂ 'ਤੇ ਲੈ ਗਏ। ਸਲੀਮ ਦੀ ਭਾਲ ਲਈ ਸੁਰੱਖਿਆ ਫੋਰਸਾਂ ਅਤੇ ਪੁਲਸ ਨੇ ਵੱਡੀ ਪੱਧਰ 'ਤੇ ਮੁਹਿੰਮ ਚਲਾਈ। ਇਸ ਦੌਰਾਨ ਅੱਤਵਾਦੀਆਂ ਨੇ ਉਸਦੀ ਹੱਤਿਆ ਕਰ ਦਿੱਤੀ। ਸੂਤਰਾਂ ਮੁਤਾਬਕ ਮੁਹੰਮਦ ਸਲੀਮ ਦੇ ਪਰਿਵਾਰਕ ਮੈਂਬਰਾਂ ਨੇ ਅੱਤਵਾਦੀਆਂ ਦਾ ਵਿਰੋਧ ਕੀਤਾ ਪਰ ਅੱਤਵਾਦੀਆਂ ਨੇ ਸਭ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੰਦਿਆਂ ਚੁੱਪ ਰਹਿਣ ਲਈ ਕਿਹਾ।  ਸਲੀਮ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਕੁਝ ਦਿਨ ਪਹਿਲਾਂ ਹੀ ਛੁੱਟੀ ਲੈ ਕੇ ਘਰ ਆਇਆ ਸੀ। ਬੀਤੇ ਦਿਨੀਂ ਹਿਜ਼ਬੁਲ ਨੇ ਤ੍ਰਾਲ ਵਿਚ ਪੋਸਟਰ ਜਾਰੀ ਕਰ ਕੇ ਸਭ ਐੱਸ. ਪੀ. ਓਜ਼ ਨੂੰ 15 ਦਿਨਾਂ ਅੰਦਰ ਪੁਲਸ ਦੀ ਨੌਕਰੀ ਛੱਡਣ ਦਾ ਹੁਕਮ ਦਿੱਤਾ ਸੀ। ਇਸ ਤੋਂ ਪਹਿਲਾਂ ਅੱਤਵਾਦੀਆਂ ਨੇ ਇਕ ਪੁਲਸ ਮੁਲਾਜ਼ਮ ਜਾਵੇਦ ਅਹਿਮਦ ਡਾਰ ਅਤੇ ਫੌਜ ਦੇ ਇਕ ਜਵਾਨ ਔਰੰਗਜ਼ੇਬ ਦੀ ਵੀ ਹੱਤਿਆ ਕਰ ਦਿੱਤੀ ਸੀ। 
ਓਧਰ ਅਨੰਤਨਾਗ ਵਿਖੇ ਅੱਤਵਾਦੀਆਂ ਨੇ ਸੁਰੱਖਿਆ ਫੋਰਸਾਂ ਦੇ ਕਾਫਿਲੇ 'ਤੇ ਫਾਇਰਿੰਗ ਕੀਤੀ। ਇਸ ਹਮਲੇ ਦੌਰਾਨ ਸੀ. ਆਰ. ਪੀ. ਐੱਫ. ਦੇ 2 ਜਵਾਨ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਉਕਤ ਜਵਾਨ ਗਸ਼ਤ ਕਰ ਰਹੇ ਸਨ ਕਿ ਮਤਨ ਨਾਮੀ ਇਲਾਕੇ ਵਿਚ ਉਨ੍ਹਾਂ 'ਤੇ ਫਾਇਰਿੰਗ ਕਰ ਦਿੱਤੀ ਗਈ। ਜਵਾਬੀ ਕਾਰਵਾਈ ਕਰਨ 'ਤੇ ਅੱਤਵਾਦੀ ਫਰਾਰ ਹੋ ਗਏ। ਪੁਲਸ ਨੇ ਸੂਚਨਾ ਮਿਲਦਿਆਂ ਹੀ ਸਾਰੇ ਇਲਾਕੇ ਨੂੰ ਘੇਰ ਲਿਆ। ਫਰਾਰ ਹੋਏ ਅੱਤਵਾਦੀਆਂ ਦੀ ਸ਼ਨੀਵਾਰ ਰਾਤ ਤੱਕ ਭਾਲ ਹੋ ਰਹੀ ਸੀ। ਕੁਲਗਾਮ ਜ਼ਿਲੇ ਵਿਚ ਵੀ ਅੱਤਵਾਦੀਆਂ ਨੇ ਫੌਜ ਦੀ ਇਕ ਗਸ਼ਤ ਕਰ ਰਹੀ ਟੁਕੜੀ 'ਤੇ ਹਮਲਾ ਕੀਤਾ। ਕਿਸੇ ਦੇ ਜ਼ਖ਼ਮੀ ਹੋਣ ਦੀ ਖਬਰ ਨਹੀਂ।
ਐੱਲ. ਓ. ਸੀ. 'ਤੇ ਘੁਸਪੈਠ ਨਾਕਾਮ-ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲੇ 'ਚ  ਐੱਲ. ਓ. ਸੀ. ਵਿਖੇ ਘੁਸਪੈਠ ਦੀ ਇਕ ਕੋਸ਼ਿਸ਼ ਭਾਰਤੀ ਫੌਜ ਨੇ ਨਾਕਾਮ ਕਰ ਦਿੱਤੀ। ਇਸ ਪਿੱਛੋਂ ਮੁਕਾਬਲਾ ਹੋਇਆ। ਫੌਜ ਨੇ ਤੰਗਧਾਰ ਸੈਕਟਰ ਵਿਚ ਅੱਤਵਾਦੀਆਂ ਨੂੰ ਚੁਣੌਤੀ ਦਿੱਤੀ। ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋਈ। ਰਾਤ ਦੇਰ ਗਏ ਆਖਰੀ ਖਬਰਾਂ ਆਉਣ ਤੱਕ ਗੋਲੀਬਾਰੀ ਰੁਕ-ਰੁਕ ਕੇ ਜਾਰੀ ਸੀ।


Related News