ਪੰਜਾਬ ਪੁਲਸ ''ਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫ਼ਾਸ਼, ਦੋ ਪੁਲਸ ਮੁਲਾਜ਼ਮ ਗ੍ਰਿਫ਼ਤਾਰ
06/12/2024 6:59:37 PM
![](https://static.jagbani.com/multimedia/2024_6image_17_36_58635525711.jpg)
ਚੰਡੀਗੜ੍ਹ (ਬਿਊਰੋ)- ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਕਰੀਬ ਪੰਜਾਬ ਪੁਲਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫ਼ਾਸ਼ ਕਰਦਿਆਂ 102 ਨੌਜਵਾਨਾਂ ਨੂੰ ਸੂਬਾ ਪੁਲਸ ਵਿੱਚ ਦਰਜਾ-4 ਕਰਮਚਾਰੀਆਂ ਵਜੋਂ ਭਰਤੀ ਕਰਾਉਣ ਦਾ ਝਾਂਸਾ ਦੇ ਕੇ ਕੁੱਲ 26,02,926 ਰੁਪਏ ਦੀਆਂ ਰਿਸ਼ਵਤਾਂ ਲੈਣ ਦੇ ਦੋਸ਼ ਹੇਠ ਪੰਜਾਬ ਪੁਲਸ ਦੇ ਦੋ ਹੇਠਲੇ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਤੀਜੀ ਆਈ. ਆਰ. ਬੀ. ਵਿੱਚ ਬਤੌਰ ਕਲੀਨਰ (ਗਰੇਡ-4 ਕਰਮਚਾਰੀ) ਵਜੋਂ ਤਾਇਨਾਤ ਤਰਲੋਚਨ ਪਾਲ (ਨੰ. 207/ਐੱਸ) ਨਿਵਾਸੀ ਮੁਹੱਲਾ ਬੇਗਮਪੁਰ, ਆਦਮਪੁਰ, ਜ਼ਿਲ੍ਹਾ ਜਲੰਧਰ ਅਤੇ ਪੰਜਾਬ ਪੁਲਸ ਅਕੈਡਮੀ ਫਿਲੌਰ ਵਿੱਚ ਨਾਈ (ਗ੍ਰੇਡ-4 ਵਰਕਰ) ਵਜੋਂ ਤਾਇਨਾਤ ਸਹਿ-ਮੁਲਜ਼ਮ ਸੁਰਿੰਦਰਪਾਲ (ਨੰ. 3ਬੀ) ਨਿਵਾਸੀ ਪਿੰਡ ਸੀਕਰੀ, ਨੀਲੋਖੇੜੀ, ਜ਼ਿਲ੍ਹਾ ਕਰਨਾਲ, ਹਰਿਆਣਾ ਦਾ ਰਹਿਣ ਵਾਲੇ ਵਜੋਂ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਅੱਜ ਇਥੇ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਦੋਵਾਂ ਮੁਲਜ਼ਮਾਂ ਨੂੰ ਪਿੰਡ ਨੰਗਲਾਂ, ਤਹਿਸੀਲ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਦੇ ਵਸਨੀਕ ਸੁਰਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਪੋਰਟਲ 'ਤੇ ਦਰਜ ਕਰਵਾਈ ਗਈ ਸ਼ਿਕਾਇਤ ਦੀ ਜਾਂਚ ਉਪਰੰਤ ਗ੍ਰਿਫ਼ਤਾਰ ਕੀਤਾ ਗਿਆ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਵਿਜੀਲੈਂਸ ਬਿਊਰੋ ਜਲੰਧਰ ਰੇਂਜ ਵੱਲੋਂ ਕੀਤੀ ਗਈ ਤਫ਼ਤੀਸ਼ ਦੌਰਾਨ ਸ਼ਿਕਾਇਤਕਰਤਾ ਵੱਲੋਂ ਲਗਾਏ ਗਏ ਦੋਸ਼ ਸਹੀ ਪਾਏ ਗਏ, ਜਿਸ ਕਾਰਨ ਉਕਤ ਦੋਵਾਂ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ- ਤਰਨਤਾਰਨ 'ਚ ਵੱਡੀ ਵਾਰਦਾਤ, ਮਾਮੂਲੀ ਝਗੜੇ ਦੌਰਾਨ ਦਿਨ-ਦਿਹਾੜੇ ਚੱਲੀਆਂ ਗੋਲ਼ੀਆਂ
ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਤਰਲੋਚਨ ਪਾਲ ਅਤੇ ਮੁਲਜ਼ਮ ਸੁਰਿੰਦਰਪਾਲ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਸ ਦੌਰਾਨ ਇਨ੍ਹਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਹੋਰ ਕਿੰਨੇ ਭੋਲੇ-ਭਾਲੇ ਵਿਅਕਤੀਆਂ ਨੂੰ ਦਰਜਾ-4 ਕਰਮਚਾਰੀ ਭਰਤੀ ਕਰਾਉਣ ਦਾ ਝਾਂਸਾ ਦੇ ਕੇ ਠੱਗੀ ਮਾਰੀ ਗਈ ਹੈ ਅਤੇ ਇਸ ਫਰਜ਼ੀ ਘਪਲੇ ਵਿੱਚ ਕੁੱਲ੍ਹ ਕਿੰਨੀ ਰਕਮ ਇਕੱਤਰ ਕੀਤੀ ਗਈ। ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਤਰਲੋਚਨ ਪਾਲ ਅਤੇ ਇਸ ਕੰਮ ਵਿੱਚ ਉਸ ਦੇ ਸਾਥੀ ਸੁਰਿੰਦਰਪਾਲ ਨੇ ਭੋਲੇ ਭਾਲੇ ਨੌਜਵਾਨਾਂ ਨੂੰ ਝੂਠਾ ਯਕੀਨ ਦਿਵਾਇਆ ਕਿ ਆਉਣ ਵਾਲੇ ਮਹੀਨਿਆਂ ਦੌਰਾਨ ਪੰਜਾਬ ਪੁਲਸ ਵਿੱਚ ਦਰਜਾ-4 ਦੀਆਂ ਲਗਭਗ 560 ਅਸਾਮੀਆਂ ਭਰੀਆਂ ਜਾਣੀਆਂ ਹਨ। ਉਕਤ ਦੋਵਾਂ ਮੁਲਜ਼ਮਾਂ ਨੇ ਆਪਸੀ ਮਿਲੀਭੁਗਤ ਨਾਲ ਪੰਜਾਬ ਪੁਲਸ ਵਿੱਚ ਦਰਜਾ-4 ਕਰਮਚਾਰੀਆਂ ਵਜੋਂ ਭਰਤੀ ਕਰਵਾਉਣ ਦਾ ਝੂਠਾ ਲਾਰਾ ਲਾ ਕੇ ਪ੍ਰਤੀ ਵਿਅਕਤੀ 25,000 ਰਿਸ਼ਵਤ ਦੀ ਮੰਗ ਕੀਤੀ ਅਤੇ ਸੂਬੇ ਭਰ ਵਿੱਚੋਂ ਕਰੀਬ 102 ਵਿਅਕਤੀਆਂ ਤੋਂ ਇਸ ਤਰਾਂ ਪੈਸੇ ਇਕੱਠੇ ਕੀਤੇ।
ਨਤੀਜੇ ਵਜੋਂ, ਤਰਲੋਚਨ ਪਾਲ ਨੂੰ ਕੁੱਲ੍ਹ 18,09,100 ਰੁਪਏ ਰਿਸ਼ਵਤ ਵਜੋਂ ਪ੍ਰਾਪਤ ਹੋਏ, ਜੋਕਿ ਉਸ ਨੇ ਵੱਖ-ਵੱਖ ਬੈਂਕ ਖਾਤਿਆਂ ਵਿੱਚ ਜਮ੍ਹਾ ਕਰਵਾਏ ਗਏ ਅਤੇ ਇਸ ਵਿੱਚੋਂ ਉਸਨੇ 5,45,000 ਰੁਪਏ ਸੁਰਿੰਦਰਪਾਲ ਦੇ ਐੱਚ. ਡੀ. ਐੱਫ਼. ਸੀ. ਬੈਂਕ ਖ਼ਾਤੇ ਵਿੱਚ ਤਬਦੀਲ ਕਰ ਦਿੱਤੇ। ਇਸ ਤੋਂ ਇਲਾਵਾ ਸੁਰਿੰਦਰਪਾਲ ਦੇ ਬੈਂਕ ਖ਼ਾਤੇ ਵਿੱਚ 7,93,826 ਰੁਪਏ ਰਿਸ਼ਵਤ ਵਜੋਂ ਵੱਖਰੇ ਪ੍ਰਾਪਤ ਹੋਏ ਸਨ। ਤਫ਼ਤੀਸ਼ ਦੌਰਾਨ ਪਤਾ ਲੱਗਾ ਹੈ ਕਿ ਦੋਵਾਂ ਮੁਲਜ਼ਮਾਂ ਤਰਲੋਚਨਪਾਲ ਅਤੇ ਸੁਰਿੰਦਰਪਾਲ ਵੱਲੋਂ ਕੁੱਲ੍ਹ 26,02,926 ਰੁਪਏ ਰਿਸ਼ਵਤ ਵਜੋਂ ਲਏ ਗਏ ਸਨ। ਸਿੱਟੇ ਵਜੋਂ, ਦੋਵਾਂ ਮੁਲਜ਼ਮਾਂ ਵਿਰੁੱਧ ਆਈ. ਪੀ. ਸੀ. ਦੀ ਧਾਰਾ 420 ਅਤੇ 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਧੀਨ ਮਿਤੀ 7 ਜੂਨ ਨੂੰ ਮੁਕੱਦਮਾ ਨੰਬਰ 10 ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ-ਜਲੰਧਰ ਵਿਖੇ GST ਭਵਨ ਦੀ 5ਵੀਂ ਮੰਜ਼ਿਲ 'ਚ ਮਚੇ ਅੱਗ ਦੇ ਭਾਂਬੜ, ਕੰਮ ਕਰਦੇ ਸਟਾਫ਼ 'ਚ ਮਚੀ ਹਫ਼ੜਾ-ਦਫ਼ੜੀ
ਉਨ੍ਹਾਂ ਅੱਗੇ ਦੱਸਿਆ ਕਿ ਮੁਲਜ਼ਮ ਸੁਰਿੰਦਰਪਾਲ ਨੇ ਪੁੱਛਗਿੱਛ ਦੌਰਾਨ ਵਿਜੀਲੈਂਸ ਬਿਊਰੋ ਕੋਲ ਮੰਨਿਆਂ ਹੈ ਕਿ ਉਸ ਨੇ ਅਤੇ ਤਰਲੋਚਨਪਾਲ ਨੇ ਭਰਤੀ ਹੋਣ ਵਾਲੇ ਚਾਹਵਾਨ ਵਿਅਕਤੀਆਂ ਤੋਂ ਪੈਸੇ ਲੈ ਕੇ ਕਰੀਬ 9.00 ਲੱਖ ਰੁਪਏ ਪੰਜਾਬ ਪੁਲਸ ਹੈੱਡਕੁਆਟਰ ਚੰਡੀਗੜ੍ਹ ਵਿਖੇ ਤਾਇਨਾਤ ਦੋ ਕਰਮਚਾਰੀਆਂ ਨੂੰ ਦੇ ਦਿੱਤੇ ਸਨ। ਉਸ ਨੇ ਇਹ ਵੀ ਦੱਸਿਆ ਕਿ ਇਹ ਭਰਤੀ ਨਾ ਹੋਣ ਪਿੱਛੋਂ ਹੈਡਕੁਆਟਰ ਵਿਖੇ ਲੱਗੇ ਦੋਹਾਂ ਮੁਲਾਜ਼ਮਾਂ ਵੱਲੋਂ 9.00 ਲੱਖ ਰੁਪਏ ਵਿੱਚੋਂ ਕੁਝ ਪੈਸੇ ਉਨ੍ਹਾਂ ਨੂੰ ਵਾਪਸ ਕਰ ਦਿੱਤੇ ਗਏ ਪਰ ਬਾਕੀ ਦੇ ਪੈਸੇ ਉਨਾਂ ਹੜੱਪ ਲਏ। ਬੁਲਾਰੇ ਨੇ ਦੱਸਿਆ ਕਿ ਤਫ਼ਤੀਸ਼ ਦੌਰਾਨ ਸਾਹਮਣੇ ਆਏ ਵੱਖ-ਵੱਖ ਪੀੜਤ ਵਿਅਕਤੀਆਂ ਨੂੰ ਬੁਲਾਕੇ ਉਨ੍ਹਾਂ ਦੇ ਬਿਆਨ ਕਲਮਬੰਦ ਕੀਤੇ ਜਾ ਰਹੇ ਹਨ, ਜਿਨ੍ਹਾਂ ਪਾਸੋਂ ਪੈਸੇ ਉਕਤ ਮੁਲਜ਼ਮਾਂ ਨੇ ਰਿਸ਼ਵਤਾਂ ਲਈਆਂ ਸਨ। ਇਸ ਤੋਂ ਇਲਾਵਾ ਹੋਰ ਪੀੜਤ ਵੀ ਅਗਲੇ ਦਿਨਾਂ ਵਿੱਚ ਇੰਨਾਂ ਵੱਲੋਂ ਧੋਖੇ ਨਾਲ ਰਿਸ਼ਵਤਾਂ ਲੈਣ ਬਾਰੇ ਸ਼ਿਕਾਇਤਾਂ ਲੈ ਕੇ ਬਿਊਰੋ ਕੋਲ ਪਹੁੰਚ ਸਕਦੇ ਹਨ।
ਇਹ ਵੀ ਪੜ੍ਹੋ- ਮੁਕੇਰੀਆਂ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ, ਪਿਤਾ ਦੇ ਭੋਗ ਤੋਂ ਬਾਅਦ ASI ਪੁੱਤਰ ਦੀ ਹੋ ਗਈ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।