ਖ਼ੁਦ ਨੂੰ ਪੁਲਸ ਮੁਲਾਜ਼ਮ ਦੱਸ ਕੇ ਨੌਜਵਾਨ ਨੂੰ ਮਾਰੀ ਗੋਲ਼ੀ, ਛਾਪੇਮਾਰੀ ਕਰਕੇ ਪੁਲਸ ਨੇ ਦੋ ਮੁਲਜ਼ਮ ਕੀਤੇ ਗ੍ਰਿਫ਼ਤਾਰ

Saturday, Jun 08, 2024 - 05:16 PM (IST)

ਸੁਲਤਾਨਪੁਰ ਲੋਧੀ (ਸੋਢੀ, ਧੀਰ)- ਇਥੋਂ ਦੇ ਪਿੰਡ ਲਾਟੀਆਂਵਾਲ ਨੇੜੇ ਬੀਤੇ ਦਿਨੀਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ 3 ਮੁਲਜ਼ਮ ਆਪਣੇ-ਆਪ ਨੂੰ ਪੁਲਸ ਮੁਲਾਜ਼ਮ ਦੱਸ ਰਹੇ ਸਨ ਅਤੇ ਉਨ੍ਹਾਂ ਵਿਚੋਂ ਇਕ ਗੋਪੀ ਨਾਮਕ ਮੁਲਜ਼ਮ ਵੱਲੋਂ ਪਿੰਡ ਲਾਟੀਆਂਵਾਲ ਨਿਵਾਸੀ ਸੇਵਾ ਸਿੰਘ ਨੂੰ ਪਿਸਤੌਲ ਨਾਲ ਗੋਲ਼ੀ ਮਾਰ ਕੇ ਜ਼ਖਮੀ ਕਰ ਦਿੱਤਾ ਸੀ। ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਛਾਪੇਮਾਰੀ ਕਰਦੇ ਹੋਏ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ।

ਇਸ ਮਾਮਲੇ ਸਬੰਧੀ ਕੁਲਬੀਰ ਸਿੰਘ ਪੁੱਤਰ ਬਲਦੇਵ ਸਿੰਘ ਨਿਵਾਸੀ ਪਿੰਡ ਲਾਟੀਆਂਵਾਲ ਦੇ ਬਿਆਨ ’ਤੇ ਪੁਲਸ ਨੇ ਥਾਣਾ ਸੁਲਤਾਨਪੁਰ ਲੋਧੀ ਵਿਖੇ ਧਾਰਾ 307, 34 ਆਈ. ਪੀ. ਸੀ. ਤੇ ਭ. ਦ 25/27,-54-59 ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ, ਜਿਸ ’ਤੇ ਐੱਸ. ਐੱਸ. ਪੀ. ਕਪੂਰਥਲਾ ਵਤਸਲਾ ਗੁਪਤਾ, ਐੱਸ. ਪੀ. ਤਫਤੀਸ਼ ਕਪੂਰਥਲਾ ਸਰਬਜੀਤ ਰਾਏ ਅਤੇ ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਬਬਨਦੀਪ ਸਿੰਘ ਲੁਬਾਣਾ ਦੀ ਅਗਵਾਈ ’ਚ ਥਾਣਾ ਸੁਲਤਾਨਪੁਰ ਲੋਧੀ ਦੇ ਐੱਸ. ਐੱਚ. ਓ. ਇੰਸਪੈਕਟਰ ਹਰਗੁਰਦੇਵ ਸਿੰਘ ਨੇ ਵੱਖ-ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਤੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ- ਕੁਲਵਿੰਦਰ ਵੱਲੋਂ ਕੰਗਨਾ ਨੂੰ ਥੱਪੜ ਮਾਰਨ ਦਾ ਮਾਮਲਾ ਭਖਿਆ, ਨੌਕਰੀ ’ਤੇ ਬਹਾਲ ਨਾ ਕਰਨ ’ਤੇ ਦਿੱਤੀ ਚਿਤਾਵਨੀ

ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਡੀ. ਐੱਸ. ਪੀ. ਬਬਨਦੀਪ ਸਿੰਘ ਲੁਬਾਣਾ ਨੇ ਦੱਸਿਆ ਕਿ ਤਿੰਨਾਂ ਮੁਲਜ਼ਮਾਂ ਵਿਚੋਂ ਪੁਲਸ ਵਰਦੀ ਵਾਲੇ ਮੁਲਜ਼ਮ ਜਤਿੰਦਰ ਸਿੰਘ ਉਰਫ਼ ਵਿੱਕੀ ਪੁੱਤਰ ਤੀਰਥ ਰਾਮ ਵਾਸੀ ਕੌਲਪੁਰ (ਕਪੂਰਥਲਾ) ਅਤੇ ਜਸਪ੍ਰੀਤ ਸਿੰਘ ਉਰਫ਼ ਜੱਸੀ ਪੁੱਤਰ ਬਲਕਾਰ ਸਿੰਘ ਵਾਸੀ ਕੋਟਲਾ ਹੇਰਾਂ (ਕਪੂਰਥਲਾ) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਦੌਰਾਨੇ ਰਿਮਾਂਡ ਉਕਤ ਦੋਵਾਂ ਪਾਸੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਬਾਕੀ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਰੇਡ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਵੀ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ।

ਲੰਮੇ ਅਰਸੇ ਤੋਂ ਡਿਊਟੀ ਤੋਂ ਗੈਰ-ਹਾਜ਼ਰ ਚੱਲ ਰਿਹਾ ਸੀ ਮੁਲਜ਼ਮ ਪੁਲਸ ਮੁਲਾਜ਼ਮ : ਬਬਨਦੀਪ ਸਿੰਘ
ਡੀ. ਐੱਸ. ਪੀ. ਬਬਨਦੀਪ ਸਿੰਘ ਤੇ ਇੰਸਪੈਕਟਰ ਹਰਗੁਰਦੇਵ ਸਿੰਘ ਨੇ ਇਹ ਵੀ ਦੱਸਿਆ ਕਿ ਪੁਲਸ ਤਫ਼ਤੀਸ਼ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮੁਲਜ਼ਮ ਜਤਿੰਦਰ ਸਿੰਘ ਉਰਫ਼ ਵਿੱਕੀ ਜੋਕਿ ਪੁਲਸ ਮੁਲਾਜ਼ਮ ਹੈ ਅਤੇ ਕਾਫ਼ੀ ਲੰਮੇ ਸਮੇਂ ਤੋਂ ਜਲੰਧਰ ਕਮਿਸ਼ਨਰੇਟ ਤੋਂ ਗੈਰ-ਹਾਜ਼ਰ ਚੱਲਿਆ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਵੱਲੋਂ ਵਾਰਦਾਤ ਦੌਰਾਨ ਵਰਤੀ ਗਈ ਕਾਰ ਅਤੇ ਜਤਿੰਦਰ ਸਿੰਘ ਦੀ ਪੁਲਸ ਵਾਲੀ ਵਰਦੀ ਵੀ ਬਰਾਮਦ ਕੀਤੀ ਜਾ ਚੁੱਕੀ ਹੈ।

ਇਹ ਵੀ ਪੜ੍ਹੋ- ਕੀ ਚੰਨੀ ਤੇ ਰਿੰਕੂ ਪਰਿਵਾਰ ’ਚ ਇਕ ਵਾਰ ਫਿਰ ਹੋਵੇਗਾ ਚੋਣ ਦੰਗਲ, ਕਿਆਸ-ਅਰਾਈਆਂ ਸ਼ੁਰੂ

ਗ੍ਰਿਫ਼ਤਾਰ ਪੁਲਸ ਮੁਲਾਜ਼ਮ ਜੇਲ੍ਹ ਜਾਣ ’ਤੇ ਹੋਵੇਗਾ ਸਸਪੈਂਡ
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਵਾਰਦਾਤ ਵਿਚ ਸ਼ਾਮਲ ਪੁਲਸ ਮੁਲਾਜ਼ਮ ਜਤਿੰਦਰ ਸਿੰਘ ਜੋ ਕਿ ਪਹਿਲਾਂ ਹੀ ਲੰਮੇ ਸਮੇਂ ਤੋਂ ਗੈਰ-ਹਾਜ਼ਰ ਚੱਲ ਰਿਹਾ ਸੀ, ਹੁਣ ਕੇਸ ਦਰਜ ਹੋਣ ਉਪਰੰਤ ਸਸਪੈਂਡ ਹੋਵੇਗਾ। ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮਾਂ ਬਾਰੇ ਹੋਰ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ। ਉਨ੍ਹਾਂ ਖ਼ਿਲਾਫ਼ ਹੋਰ ਵੀ ਕੇਸ ਦਰਜ ਹਨ ।
 

ਇਹ ਵੀ ਪੜ੍ਹੋ- ਬਿਧੀਪੁਰ ਫਾਟਕ ਨੇੜੇ ਹੋਏ ਦੋਹਰੇ ਕਤਲ ਕਾਂਡ 'ਚ ਜ਼ੋਮੈਟੋ ਦੇ 4 ਲੜਕੇ ਗ੍ਰਿਫ਼ਤਾਰ, ਸਾਹਮਣੇ ਆਈਆਂ ਹੈਰਾਨੀਜਨਕ ਗੱਲਾਂ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News