ਹੁਣ ਕੰਗਨਾ ਦੀ 'ਇੰਸਟਾਗ੍ਰਾਮ ਸਟੋਰੀ' ਨੇ ਮਾਮਲੇ ਨੂੰ ਦਿੱਤਾ ਨਵਾਂ ਮੋੜ, ਕਿਹਾ- 'ਕਾਂਸਟੇਬਲ ਚੁੱਪਚਾਪ ਪਿੱਛੋਂ ਆਈ ਤੇ...
Saturday, Jun 08, 2024 - 02:59 AM (IST)
ਮੁੰਬਈ, (ਅਨਸ)- ਫਿਲਮ ਅਦਾਕਾਰਾ ਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨਾਲ ਚੰਡੀਗੜ੍ਹ ਹਵਾਈ ਅੱਡੇ ’ਤੇ ਦੁਰਵਿਵਹਾਰ ਤੋਂ ਬਾਅਦ ਸ਼ੁੱਕਰਵਾਰ ਨੂੰ ਇਕ ਬਿਆਨ ’ਚ ਇਸ ਘਟਨਾ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਵੀਰਵਾਰ ਦੁਪਹਿਰ ਕੰਗਨਾ ਨੂੰ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ. ਆਈ. ਐੱਸ. ਐੱਫ.) ਦੀ ਇਕ ਮਹਿਲਾ ਕਾਂਸਟੇਬਲ ਨੇ ਥੱਪੜ ਮਾਰ ਦਿੱਤਾ ਸੀ।
ਕੰਗਨਾ ਨੇ ਬਿਆਨ ਜਾਰੀ ਕਰਨ ਤੋਂ ਬਾਅਦ ਹੁਣ ਆਪਣੀ ਇੰਸਟਾ ਸਟੋਰੀ 'ਚ ਦੱਸਿਆ ਕਿ ਕਾਂਸਟੇਬਲ ਚੁੱਪਚਾਪ ਪਿੱਛੋਂ ਆਈ ਅਤੇ ਉਸਦੇ ਮੂੰਹ ’ਤੇ ਥੱਪੜ ਮਾਰ ਦਿੱਤਾ। ਇੰਨਾ ਹੀ ਨਹੀਂ, ਕੰਗਨਾ ਨੇ ਇਕ ਫੋਟੋ ਵੀ ਸ਼ੇਅਰ ਕੀਤੀ ਹੈ, ਜਿਸ ਵਿਚ ਇੰਦਰਾ ਗਾਂਧੀ ਨੂੰ ਗੋਲੀ ਮਾਰਦੇ ਹੋਏ ਦਿਖਾਇਆ ਗਿਆ ਹੈ।
ਕੰਗਨਾ ਰਣੌਤ ਨੇ ਆਪਣੀ ਸਟੋਰੀ ਰਿਟਾਇਰ ਫੌਜੀ ਅਧਿਕਾਰੀ ਗੌਰਵ ਆਰਿਆ ਦਾ ਇਕ ਟਵੀਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਇਹ ਮੈਂ ਸਮਝ ਗਈ ਕਿ ਉਸਨੇ ਰਣਨੀਤੀ ਦੇ ਤਹਿਤ ਮੇਰੇ ਜਾਣ ਦੀ ਉਡੀਕ ਕੀਤੀ ਅਤੇ ਫਿਰ ਚੁੱਪਚਾਪ ਪਿੱਛੋਂ ਆਈ ਅਤੇ ਬਿਨਾਂ ਕੁਝ ਕਹੇ ਮੇਰੇ ਮੂੰਹ ’ਤੇ ਮਾਰਿਆ। ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਨਵ-ਨਿਯੁਕਤ ਭਾਜਪਾ ਸੰਸਦ ਮੈਂਬਰ ਕੰਗਨਾ ਘਟਨਾ ਦੇ ਸਮੇਂ ਦਿੱਲੀ ਜਾ ਰਹੀ ਸੀ।
ਕੰਗਨਾ ਨੇ ਅੱਗੇ ਲਿਖਿਆ ਕਿ ਜਦੋਂ ਮੈਂ ਪੁੱਛਿਆ ਕਿ ਉਸਨੇ ਅਜਿਹਾ ਕਿਉਂ ਕੀਤਾ ਤਾਂ ਉਸਨੇ ਨਜ਼ਰਾਂ ਫੇਰ ਲਈਆਂ ਅਤੇ ਉਸ ’ਤੇ ਫੋਕਸ ਮੋਬਾਈਲ ਕੈਮਰਿਆਂ ਨੂੰ ਸੰਬੋਧਨ ਕਰਨਾ ਸ਼ੁਰੂ ਕਰ ਦਿੱਤਾ। ਕਿਸਾਨ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਹੁਣ ਕਿਸੇ ਨੂੰ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।