ਰਿਸ਼ਵਤ ਲੈਣ ਦੇ ਦੋਸ਼ਾਂ ਤਹਿਤ ਦੋ ਪੁਲਸ ਮੁਲਾਜ਼ਮ ਗ੍ਰਿਫਤਾਰ
Saturday, Jun 15, 2024 - 06:19 PM (IST)
ਕੋਟਕਪੂਰਾ (ਨਰਿੰਦਰ ਬੈੜ੍ਹ) : ਥਾਣਾ ਸਿਟੀ ਪੁਲਸ ਕੋਟਕਪੂਰਾ ਵੱਲੋਂ ਪੀ. ਸੀ. ਆਰ. ਦੀ ਡਿਊਟੀ ਕਰਨ ਵਾਲੇ ਦੋ ਪੁਲਸ ਮੁਲਾਜ਼ਮਾਂ ਨੂੰ ਡਿਊਟੀ ਦੌਰਾਨ ਰਿਸ਼ਵਤ ਲੈਣ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤੇ ਜਾਣ ਦਾ ਪਤਾ ਲੱਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਿਟੀ ਪੁਲਸ ਕੋਟਕਪੂਰਾ ਦੇ ਐੱਸ. ਐੱਚ. ਓ. ਇੰਸ. ਮਨੋਜ ਕੁਮਾਰ ਸ਼ਰਮਾ ਪੁਲਸ ਪਾਰਟੀ ਸਮੇਤ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਗਸ਼ਤ ਦੌਰਾਨ ਥਾਣਾ ਸਿਟੀ ਦੇ ਏਰੀਏ ’ਚ ਮੌਜੂਦ ਸਨ ਤਾਂ ਮੁਖਬਰ ਖਾਸ ਨੇ ਉਨ੍ਹਾਂ ਕੋਲ ਆ ਕੇ ਦੱਸਿਆ ਕਿ ਥਾਣਾ ਸਿਟੀ ਕੋਟਕਪੂਰਾ ਦੇ ਪੀ. ਸੀ. ਆਰ. ਡਿਊਟੀ ਕਰਦੇ ਦੋ ਕਰਮਚਾਰੀ ਪੀ. ਸੀ. ਗੁਰਮੇਲ ਸਿੰਘ ਤੇ ਪੀ. ਐੱਚ. ਸੀ ਓਮ ਪ੍ਰਕਾਸ਼ ਦੀ ਮੋਬਾਇਲ ਫੋਨ ’ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਉਕਤ ਕਰਮਚਾਰੀਆਂ ਨੇ ਡਿਊਟੀ ਦੌਰਾਨ ਬਿਨਾਂ ਨੰਬਰੀ ਇੱਕ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨਾਂ ਨੂੰ ਰੋਕਿਆ ਹੈ ਅਤੇ ਉਨ੍ਹਾਂ ਤੋਂ ਚਲਾਨ ਨਾ ਕਰਨ ਦੇ ਬਦਲੇ ਇੱਕ ਹਜ਼ਾਰ ਰੁਪਏ ਰਿਸ਼ਵਤ ਲੈ ਰਹੇ ਹਨ।
ਇਸ ਸਬੰਧ ਵਿਚ ਥਾਣਾ ਸਿਟੀ ਪੁਲਸ ਕੋਟਕਪੂਰਾ ਦੇ ਐੱਸ.ਐੱਚ.ਓ. ਇੰਸ. ਮਨੋਜ ਕੁਮਾਰ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਉਕਤ ਦੋਵਾਂ ਕਰਮਚਾਰੀਆਂ ਖਿਲਾਫ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।