ਰੈਮਡੇਸਿਵਿਰ ਦਵਾਈ ਨਾਲ ਸੰਭਵ ਹੈ ਕੋਰੋਨਾ ਦਾ ਇਲਾਜ
Tuesday, May 12, 2020 - 12:34 AM (IST)
ਨਵੀਂ ਦਿੱਲੀ (ਇੰਟ.)- ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਦੇ ਪਸੀਨੇ ਛੁਡਾਏ ਹੋਏ ਹਨ। ਪੂਰੀ ਦੁਨੀਆ ਦੇ ਵਿਗਿਆਨੀ ਇਸ ਮਹਾਂਮਾਰੀ ਤੋਂ ਬਚਣ ਲਈ ਦਿਨ-ਰਾਤ ਵੈਕਸੀਨ ਬਣਾਉਣ ਵਿਚ ਲੱਗੇ ਹੋਏ ਹਨ, ਜਿਸ ਵਿਚ ਉਨ੍ਹਾਂ ਨੂੰ ਅਜੇ ਤੱਕ ਕੋਈ ਕਾਮਯਾਬੀ ਤਾਂ ਨਹੀਂ ਮਿਲੀ ਹੈ ਪਰ ਦਵਾਈ ਨੂੰ ਲੈ ਕੇ ਦਾਵੇ ਕਈ ਦਾਅਵੇ ਕੀਤੇ ਜਾ ਰਹੇ ਹਨ। ਅਜਿਹਾ ਹੀ ਇਕ ਨਵਾਂ ਦਾਅਵਾ ਜਾਪਾਨ ਵਲੋਂ ਰੈਮਡੇਸਿਵਿਰ ਦਵਾਈ ਨੂੰ ਲੈ ਕੇ ਕੀਤਾ ਜਾ ਰਿਹਾ ਹੈ। ਅਮਰੀਕਾ ਦੇ ਵਿਗਿਆਨੀਆਂ ਨੇ ਰੈਮਡੇਸਿਵਿਰ ਨਾਮਕ ਦਵਾਈ ਦੇ ਵੱਡੇ ਅਸਰ ਦਾ ਦਾਅਵਾ ਕੀਤਾ ਸੀ। ਇਸ ਤੋਂ ਬਾਅਦ ਟਰੰਪ ਨੇ ਅਮਰੀਕਾ ਨੂੰ ਬਚਾਉਣ ਲਈ ਇਸ ਦਵਾਈ 'ਤੇ ਦਾਅ ਖੇਡਿਆ ਅਤੇ ਹੁਣ ਜਾਪਾਨ ਨੇ ਵੀ ਇਸ ਦਵਾਈ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਅਮਰੀਕੀ ਕੰਪਨੀ ਗਿਲਿਅਡ ਸਾਇੰਸਿਜ਼ ਮਨਜ਼ੂਰੀ ਦੇਵੇ ਤਾਂ ਭਾਰਤ ਆਸਾਨੀ ਨਾਲ ਐਂਟੀ ਵਾਇਰਲ ਦਵਾਈ ਰੈਮਡੇਸਿਵਿਰ ਨੂੰ ਤਿਆਰ ਕਰ ਸਕਦਾ ਹੈ। ਗਿਲਿਯਡ ਸਾਇੰਸਿਜ਼ ਨੇ ਹੀ ਇਸ ਦਵਾਈ ਨੂੰ ਵਿਕਸਿਤ ਕੀਤਾ ਹੈ ਅਤੇ ਇਸ ਸਮੇਂ ਕਈ ਭਾਰਤੀ ਕੰਪਨੀਆਂ ਤੋਂ ਓਪਨ ਲਾਇਸੈਂਸਿੰਗ ਦੀਆਂ ਸੰਭਾਵਨਾਵਾਂ 'ਤੇ ਗੱਲ ਕਰ ਰਹੀਆਂ ਹਨ। ਅਮਰੀਕਾ ਦੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐਫ.ਡੀ.ਏ.) ਨੇ ਕੋਵਿਡ-19 ਦੇ ਗੰਭੀਰ ਮਰੀਜ਼ਾਂ ਦੇ ਇਲਾਜ ਵਿਚ ਰੈਮਡੇਸਿਵਿਰ ਦੀ ਵਰਤੋਂ ਦੀ ਇਜਾਜ਼ਤ ਦੇ ਦਿੱਤੀ ਹੈ।
ਇਸ ਦਵਾਈ ਦੀ ਵਰਤੋਂ ਨਾਲ ਮਰੀਜ਼ਾਂ ਦੀ ਸਿਹਤ ਵਿਚ ਛੇਤੀ ਸੁਧਾਰ ਦੇ ਸਬੂਤ ਮਿਲੇ ਹਨ। ਰੈਮਡੇਸਿਵਿਰ ਆਰ.ਐਨ.ਏ. ਵਾਇਰਲ ਰੈਪਲੀਕੇਸ਼ਨ ਨੂੰ ਰੋਕਦੀ ਹੈ। ਬਹੁਤ ਘੱਟ ਸਾਈਡ ਇਫੈਕਟ ਹੋਣਾ ਇਸ ਦਵਾਈ ਦੀ ਵੱਡੀ ਖੂਬੀ ਹੈ। ਇਸ ਨੂੰ ਇਨਫਿਊਜ਼ਨ ਰਾਹੀਂ ਦਿੱਤਾ ਜਾਂਦਾ ਹੈ। ਇਸ ਨੂੰ ਨਾ ਤਾਂ ਟੈਬਲੇਟ ਦੇ ਤੌਰ 'ਤੇ ਦਿੱਤਾ ਜਾ ਸਕਦਾ ਹੈ ਅਤੇ ਨਾ ਹੀ ਹਸਪਤਾਲ ਦੇ ਬਾਹਰ ਦਿੱਤਾ ਜਾ ਸਕਦਾ ਹੈ। ਇਸ ਨੂੰ ਦੇਣ ਲਈ ਡਾਕਟਰੀ ਦੇਖਰੇਖ ਜ਼ਰੂਰੀ ਹੈ।
ਪ੍ਰੀਖਣ ਵਿਚ ਪਾਏ ਗਏ ਹਾਂ ਪੱਖੀ ਨਤੀਜੇ
ਕੋਰੋਨਾ ਵਾਇਰਸ ਮਹਾਂਮਾਰੀ ਦੇ ਫੈਲਣ ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਹੈ, ਜਦੋਂ ਕੋਈ ਇਕ ਦਵਾਈ ਇਸ ਦੇ ਇਲਾਜ ਵਿਚ ਕਾਰਗਰ ਸਾਬਿਤ ਹੋਈ ਹੋਵੇ। ਜਿਨ੍ਹਾਂ ਮਰੀਜ਼ਾਂ ਨੂੰ ਰੈਮਡੇਸਿਵਿਰ ਦਵਾਈ ਦੀ ਖੁਰਾਕ ਦਿੱਤੀ ਗਈ ਸੀ, ਉਹ 10 ਦਿਨਾਂ ਵਿਚ ਸਿਹਤਮੰਦ ਹੋ ਗਏ, ਜਦੋਂ ਕਿ ਜਿਨ੍ਹਾਂ ਨੂੰ ਪਲੇਸੀਬੋ ਖਾਈ, ਉਨ੍ਹਾਂ ਨੂੰ ਸਿਹਤਮੰਦ ਹੋਣ ਵਿਚ 15 ਦਿਨ ਲੱਗੇ।