ਅੱਤਵਾਦ ਨੂੰ ਪਨਾਹ ਦੇਣ ਵਾਲੇ ਦੇਸ਼ਾਂ ਨੂੰ ‘ਅਲੱਗ-ਥਲੱਗ’ ਤੇ ‘ਬੇਨਕਾਬ’ ਕਰੋ : ਜੈਸ਼ੰਕਰ
Thursday, Jul 04, 2024 - 10:45 PM (IST)
ਅਸਤਾਨਾ (ਭਾਸ਼ਾ)- ਭਾਰਤ ਨੇ ਵੀਰਵਾਰ ਅੰਤਰਰਾਸ਼ਟਰੀ ਭਾਈਚਾਰੇ ਨੂੰ ਉਨ੍ਹਾਂ ਦੇਸ਼ਾਂ ਨੂੰ ‘ਅਲੱਗ-ਥਲੱਗ’ ਤੇ ‘ਬੇਨਕਾਬ’ ਕਰਨ ਲਈ ਕਿਹਾ, ਜੋ ਅੱਤਵਾਦੀਆਂ ਨੂੰ ਪਨਾਹ ਦਿੰਦੇ ਹਨ ਅਤੇ ਅੱਤਵਾਦ ਨੂੰ ਨਜ਼ਰਅੰਦਾਜ਼ ਕਰਦੇ ਹਨ। ਭਾਰਤ ਨੇ ਚੀਨ ਅਤੇ ਪਾਕਿਸਤਾਨ ’ਤੇ ਅਸਿੱਧੇ ਤੌਰ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਜੇਕਰ ਅੱਤਵਾਦ ’ਤੇ ਰੋਕ ਨਾ ਲਾਈ ਗਈ ਤਾਂ ਇਹ ਖੇਤਰੀ ਅਤੇ ਵਿਸ਼ਵ ਸ਼ਾਂਤੀ ਲਈ ਵੱਡਾ ਖ਼ਤਰਾ ਬਣ ਸਕਦਾ ਹੈ।
ਕਜ਼ਾਕਿਸਤਾਨ ਦੀ ਰਾਜਧਾਨੀ ਅਸਤਾਨਾ ਵਿਚ ਸ਼ੰਘਾਈ ਸਹਿਯੋਗ ਸੰਗਠਨ (ਐੱਸ.ਸੀ.ਓ.) ਦੇ ਰਾਸ਼ਟਰ ਮੁਖੀਆਂ ਦੀ ਕੌਂਸਲ ਦੀ ਮੀਟਿੰਗ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਚਾਰ ਪ੍ਰਗਟ ਕਰਦਿਆਂ ਜੈਸ਼ੰਕਰ ਨੇ ਕਿਹਾ ਕਿ ਐੱਸ.ਸੀ.ਓ. ਦੇ ਬੁਨਿਆਦੀ ਟੀਚਿਆਂ ਵਿਚੋਂ ਇਕ ਅੱਤਵਾਦ ਨਾਲ ਲੜਨਾ ਹੈ।
ਜੈਸ਼ੰਕਰ ਨੇ ਸੰਮੇਲਨ ਵਿਚ ਕਿਹਾ ਕਿ ਸਾਡੇ ਵਿਚੋਂ ਕਈਆਂ ਦੇ ਆਪਣੇ ਤਜ਼ਰਬੇ ਹਨ, ਜੋ ਅਕਸਰ ਸਾਡੀਆਂ ਹੱਦਾਂ ਤੋਂ ਪਾਰ ਸਾਹਮਣੇ ਆਉਂਦੇ ਹਨ। ਇਹ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਜੇਕਰ ਅੱਤਵਾਦ ’ਤੇ ਰੋਕ ਨਾ ਲਾਈ ਗਈ ਤਾਂ ਇਹ ਖੇਤਰੀ ਅਤੇ ਵਿਸ਼ਵ ਸ਼ਾਂਤੀ ਲਈ ਵੱਡਾ ਖਤਰਾ ਬਣ ਸਕਦਾ ਹੈ। ਕਿਸੇ ਵੀ ਰੂਪ ਵਿਚ ਅੱਤਵਾਦ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਜਾਂ ਮੁਆਫ਼ ਨਹੀਂ ਕੀਤਾ ਜਾ ਸਕਦਾ। ਸੰਮੇਲਨ ਵਿਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੀ ਸ਼ਾਮਲ ਹੋਏ।
ਇਹ ਵੀ ਪੜ੍ਹੋ- ਮਾਨਸੂਨ ਨੇ 6 ਦਿਨ ਪਹਿਲਾਂ ਹੀ ਦੇ ਦਿੱਤੀ ਦਸਤਕ, ਪੰਜਾਬ ਸਣੇ 20 ਸੂਬਿਆਂ 'ਚ ਜਾਰੀ ਹੋਈ ਭਾਰੀ ਮੀਂਹ ਦੀ ਚਿਤਾਵਨੀ
ਪਾਕਿ ਪ੍ਰਧਾਨ ਮੰਤਰੀ ਨੇ ਵੀ ਅੱਤਵਾਦ ਦਾ ਮੁੱਦਾ ਉਠਾਇਆ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਵੀ ਸੰਮੇਲਨ ਵਿਚ ਮੈਂਬਰ ਦੇਸ਼ਾਂ ਵਿਚਾਲੇ ਅੱਤਵਾਦ ਨੂੰ ਵੱਡੀ ਚਿੰਤਾ ਦੱਸਿਆ ਅਤੇ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨਾਲ ‘ਸਾਰਥਕ’ ਗੱਲਬਾਤ ਦੀ ਅਪੀਲ ਕੀਤੀ। ਐੱਸ.ਸੀ.ਓ. ਸੰਮੇਲਨ ਵਿਚ ਸੰਬੋਧਨ ਕਰਦਿਆਂ ਸ਼ਰੀਫ ਨੇ ਆਰਥਿਕ ਵਿਕਾਸ ਲਈ ਖੇਤਰ ਵਿਚ ਸ਼ਾਂਤੀ ਬਣਾਈ ਰੱਖਣ ਦੇ ਮਹੱਤਵ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਵਿਚ ਸਥਾਈ ਸ਼ਾਂਤੀ ਸਥਾਪਤ ਕਰਨਾ ਇਸ ਸਾਂਝੇ ਉਦੇਸ਼ ਦਾ ਮੁੱਖ ਆਧਾਰ ਹੈ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰਾ ਅਫਗਾਨ ਸਰਕਾਰ ਨਾਲ ਸਾਰਥਕ ਰੂਪ ਵਿਚ ਗੱਲਬਾਤ ਕਰ ਕੇ ਉਨ੍ਹਾਂ ਦੀਆਂ ਅਸਲ ਆਰਥਿਕ ਅਤੇ ਵਿਕਾਸ ਸਬੰਧੀ ਜ਼ਰੂਰਤਾਂ ਨੂੰ ਪੂਰਾ ਕਰੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e