ਭਾਰਤ ਆ ਰਹੇ ਇਜ਼ਰਾਈਲ ਦੇ ਸਮੁੰਦਰੀ ਜਹਾਜ਼ ''ਤੇ ਈਰਾਨ ਨੇ ਕੀਤਾ ਕਬਜ਼ਾ, 17 ਭਾਰਤੀ ਵੀ ਸਵਾਰ

Sunday, Apr 14, 2024 - 04:32 AM (IST)

ਨਵੀਂ ਦਿੱਲੀ (ਏਜੰਸੀਆਂ)– ਈਰਾਨ ਨੇ ਇਜ਼ਰਾਈਲ ਨਾਲ ਚੱਲ ਰਹੀ ਜੰਗ ਵਰਗੇ ਹਾਲਾਤ ਵਿਚਾਲੇ ਯੂ.ਏ.ਈ. ਤੋਂ ਭਾਰਤ ਆ ਰਹੇ ਇਜ਼ਰਾਈਲੀ ਮਾਲਵਾਹਕ ਜਹਾਜ਼ ਐੱਮ.ਐੱਸ.ਸੀ. ਏਰਿਸ ’ਤੇ ਕਬਜ਼ਾ ਕਰ ਲਿਆ ਹੈ। ਈਰਾਨ ਦੀ ਇਸ ਕਾਰਵਾਈ ਨੇ ਖੇਤਰ ਵਿਚ ਤਣਾਅ ਹੋਰ ਵਧਾ ਦਿੱਤਾ ਹੈ। ਜਹਾਜ਼ ’ਤੇ ਸਵਾਰ 25 ਚਾਲਕ ਦਲ ’ਚੋਂ 17 ਭਾਰਤੀ ਹਨ। ਚਾਲਕ ਦਲ ਦੇ ਹੋਰ ਮੈਂਬਰਾਂ ਵਿਚ 4 ਫਿਲੀਪੀਨਜ਼, 2 ਪਾਕਿਸਤਾਨੀ, ਇਕ ਰੂਸੀ ਅਤੇ ਇਕ ਐਸਟੋਨੀਆਈ ਨਾਗਰਿਕ ਸ਼ਾਮਲ ਹੈ।

ਈਰਾਨ ਵੱਲੋਂ ਜਹਾਜ਼ ’ਤੇ ਕਬਜ਼ੇ ਦੇ ਐਲਾਨ ਮਗਰੋਂ ਇਜ਼ਰਾਈਲ ਦੀ ਫੌਜ ਨੇ ਚਿਤਾਵਨੀ ਦਿੱਤੀ ਹੈ ਕਿ ਈਰਾਨ ਨੂੰ ਇਸ ਦਾ ਨਤੀਜਾ ਭੁਗਤਣਾ ਪਵੇਗਾ। ਈਰਾਨ ਦੇ ਨੀਮ ਫੌਜੀ ਰੈਵੋਲਿਊਸ਼ਨਰੀ ਗਾਰਡ ਦੇ ਕਮਾਂਡੋਜ਼ ਨੇ ਹਾਰਮੁਜ਼ ਦੀ ਖਾੜੀ ਦੇ ਨੇੜੇ ਇਕ ਹੈਲੀਕਾਪਟਰ ਤੋਂ ਉਤਰ ਕੇ ਕਾਰਗੋ ਜਹਾਜ਼ ’ਤੇ ਹਮਲਾ ਕੀਤਾ ਅਤੇ ਉਸ ’ਤੇ ਕਬਜ਼ਾ ਕਰ ਲਿਆ।

ਇਹ ਵੀ ਪੜ੍ਹੋ- ਉਮੀਦਵਾਰਾਂ ਦੀ ਲਿਸਟ ਜਾਰੀ ਕਰਨ ਤੋਂ ਬਾਅਦ ਅਕਾਲੀ ਆਗੂ ਢੀਂਡਸਾ ਹੋਏ ਨਾਰਾਜ਼- ''ਸਾਡੇ ਨਾਲ ਖੇਡੀ ਗਈ ਸਿਆਸਤ''

ਜਹਾਜ਼ ’ਤੇ ਸਵਾਰ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਅਤੇ ਛੇਤੀ ਰਿਹਾਈ ਨੂੰ ਯਕੀਨੀ ਬਣਾਉਣ ਲਈ ਭਾਰਤ ਈਰਾਨੀ ਅਧਿਕਾਰੀਆਂ ਦੇ ਸੰਪਰਕ ’ਚ ਹੈ। ਇਕ ਸੂਤਰ ਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਮਾਲਵਾਹਕ ਜਹਾਜ਼ ‘ਐੱਮ.ਐੱਸ.ਸੀ. ਐਰੀਜ਼’ ਨੂੰ ਈਰਾਨ ਨੇ ਆਪਣੇ ਕੰਟਰੋਲ ’ਚ ਲੈ ਲਿਆ ਹੈ। ਸਾਨੂੰ ਪਤਾ ਲੱਗਾ ਹੈ ਕਿ ਜਹਾਜ਼ ’ਤੇ 17 ਭਾਰਤੀ ਨਾਗਰਿਕ ਹਨ। ਅਸੀਂ ਭਾਰਤੀ ਨਾਗਰਿਕਾਂ ਦੀ ਸੁਰੱਖਿਆ, ਕਲਿਆਣ ਅਤੇ ਛੇਤੀ ਰਿਹਾਈ ਨੂੰ ਯਕੀਨੀ ਬਣਾਉਣ ਲਈ ਤਹਿਰਾਨ ਅਤੇ ਦਿੱਲੀ ਦੋਵਾਂ ਵਿਚ ਕੂਟਨੀਤਕ ਚੈਨਲਾਂ ਰਾਹੀਂ ਈਰਾਨੀ ਅਧਿਕਾਰੀਆਂ ਦੇ ਸੰਪਰਕ ਵਿਚ ਹਾਂ।

ਜਹਾਜ਼ ’ਤੇ ਪੁਰਤਗਾਲ ਦਾ ਝੰਡਾ ਲੱਗਿਆ ਹੋਇਆ ਸੀ ਅਤੇ ਇਹ ਲੰਡਨ ਦੀ ਇਕ ਕੰਪਨੀ ਜੋਡੀਆਕ ਮੈਰੀਟਾਈਮ ਨਾਲ ਜੁੜਿਆ ਹੈ। ਜੋਡੀਆਕ ਗਰੁੱਪ ਇਜ਼ਰਾਈਲੀ ਅਰਬਪਤੀ ਇਆਲ ਓਫੇਰ ਦਾ ਹੈ। ਰਿਪੋਰਟ ਮੁਤਾਬਕ ਏਅਰ ਇੰਡੀਆ ਉਨ੍ਹਾਂ ਏਅਰਲਾਈਨਾਂ ’ਚ ਸ਼ਾਮਲ ਹੋ ਗਈ ਹੈ ਜੋ ਈਰਾਨ ਦੇ ਹਵਾਈ ਖੇਤਰ ਤੋਂ ਨਹੀਂ ਲੰਘ ਰਹੀਆਂ ਹਨ।

ਏਅਰ ਇੰਡੀਆ ਦੀ ਫਲਾਈਟ 161 ਨੇ ਸਵੇਰੇ ਸਾਢੇ ਚਾਰ ਵਜੇ ਲੰਡਨ ਜਾਣਾ ਸੀ। ਹਾਲਾਂਕਿ, ਇਸ ਨੇ ਹਮੇਸ਼ਾਂ ਵਾਲਾ ਰੂਟ ਨਹੀਂ ਲਿਆ ਅਤੇ ਦੂਜੇ ਹਵਾਈ ਖੇਤਰ ਦੀ ਵਰਤੋਂ ਕੀਤੀ। ਆਮ ਹਾਲਤਾਂ ’ਚ ਏਅਰ ਇੰਡੀਆ ਦੀਆਂ ਯੂਰਪ ਜਾਣ ਵਾਲੀਆਂ ਉਡਾਣਾਂ ਪਾਕਿਸਤਾਨ-ਇਰਾਨ-ਤੁਰਕੀ-ਕਾਲਾ ਸਾਗਰ ਦੇ ਰਸਤੇ ਜਾਂਦੀਆਂ ਹਨ। ਸ਼ੁੱਕਰਵਾਰ ਤੱਕ ਵੀ ਇਹੀ ਰੂਟ ਅਪਣਾਇਆ ਜਾ ਰਿਹਾ ਸੀ। ਈਰਾਨ ’ਚ ਭਾਰਤੀ ਦੂਤਘਰ ਨੇ ਤਣਾਅ ਦੀ ਸਥਿਤੀ ’ਚ ਉੱਥੇ ਭਾਰਤੀ ਨਾਗਰਿਕਾਂ ਦੀ ਮਦਦ ਲਈ ਇਕ ਐਮਰਜੈਂਸੀ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ- ਕਾਂਗਰਸ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਲਿਸਟ, ਮਨੀਸ਼ ਤਿਵਾੜੀ ਨੂੰ ਚੰਡੀਗੜ੍ਹ ਤੋਂ ਉਤਾਰਿਆ ਮੈਦਾਨ 'ਚ

ਈਰਾਨ ਦੇ ਰੈਵੋਲਿਊਸ਼ਨਰੀ ਗਾਰਡ ਨੇ ਫੜਿਆ ਕਾਰਗੋ ਜਹਾਜ਼
ਈਰਾਨ ਦੇ ਨੀਮ ਫੌਜੀ ਬਲ ਰੈਵੋਲਿਊਸ਼ਨਰੀ ਗਾਰਡ ਦੇ ਕਮਾਂਡੋਜ਼ ਨੇ ਸਟ੍ਰੇਟ ਆਫ ਹਾਰਮੁਜ਼ ਨੇੜੇ ਇਕ ਕਾਰਗੋ ਜਹਾਜ਼ ’ਤੇ ਧਾਵਾ ਬੋਲਿਆ ਅਤੇ ਉਸ ਨੂੰ ਸ਼ਨੀਵਾਰ ਨੂੰ ਜ਼ਬਤ ਕਰ ਲਿਆ। ਈਰਾਨ ਦੀ ਸਰਕਾਰੀ ਨਿਊਜ਼ ਏਜੰਸੀ ਆਈ.ਆਰ.ਐੱਨ.ਏ. ਨੇ ਜਹਾਜ਼ ਨੂੰ ਜ਼ਬਤ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਪਹਿਲਾਂ, ਐਸੋਸੀਏਟਿਡ ਪ੍ਰੈੱਸ (ਏ.ਪੀ.) ਨੂੰ ਮਿਲੀ ਇਕ ਵੀਡੀਓ ’ਚ ਦੇਖਿਆ ਗਿਆ ਕਿ ਸ਼ਨੀਵਾਰ ਨੂੰ ਸਟ੍ਰੇਟ ਆਫ ਹਾਰਮੁਜ਼ ਦੇ ਨੇੜੇ ਹੈਲੀਕਾਪਟਰਾਂ ਦੀ ਮਦਦ ਨਾਲ ਕਮਾਂਡੋਜ ਇਕ ਜਹਾਜ਼ ’ਤੇ ਛਾਪੇਮਾਰੀ ਕਰ ਰਹੇ ਹਨ। ਪੱਛਮੀ ਏਸ਼ੀਆ ਦੇ ਇਕ ਰੱਖਿਆ ਅਧਿਕਾਰੀ ਨੇ ਈਰਾਨ ਅਤੇ ਪੱਛਮੀ ਦੇਸ਼ਾਂ ਵਿਚਾਲੇ ਤਣਾਅ ਦਰਮਿਆਨ ਆਈ ਇਸ ਘਟਨਾ ਲਈ ਈਰਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News