30 ਸਾਲ ਪੁਰਾਣੇ ਮਾਮਲੇ ''ਚ ਸਾਬਕਾ IPS ਸੰਜੀਵ ਭੱਟ ਨੂੰ ਹੋਈ ਉਮਰ ਕੈਦ

Thursday, Jun 20, 2019 - 02:00 PM (IST)

30 ਸਾਲ ਪੁਰਾਣੇ ਮਾਮਲੇ ''ਚ ਸਾਬਕਾ IPS ਸੰਜੀਵ ਭੱਟ ਨੂੰ ਹੋਈ ਉਮਰ ਕੈਦ

ਜਾਮਨਗਰ— ਸਾਬਕਾ ਆਈ.ਪੀ.ਐੱਸ. ਅਧਿਕਾਰੀ ਸੰਜੀਵ ਭੱਟ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। 1990 'ਚ ਪੁਲਸ ਕਸਟਡੀ 'ਚ ਇਕ ਵਿਅਕਤੀ ਦੀ ਮੌਤ ਦੇ ਮਾਮਲੇ 'ਚ ਕਰੀਬ 30 ਸਾਲ ਬਾਅਦ ਭੱਟ ਨੂੰ ਇਹ ਸਜ਼ਾ ਮਿਲੀ ਹੈ। ਜਾਮਨਗਰ ਦੀ ਅਦਾਲਤ ਨੇ ਇਸ ਮਾਮਲੇ 'ਚ ਸਾਬਕਾ ਆਈ.ਪੀ.ਐੱਸ. ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਭੱਟ ਗੁਜਰਾਤ ਦੇ ਜਾਮਨਗਰ 'ਚ ਐਡੀਸ਼ਨਲ ਪੁਲਸ ਕਮਿਸ਼ਨਰ ਦੇ ਰੂਪ 'ਚ ਤਾਇਨਾਤ ਸਨ, ਜਦੋਂ ਇਕ ਵਿਅਕਤੀ ਦੀ ਹਿਰਾਸਤ 'ਚ ਮੌਤ ਹੋਈ ਸੀ। ਸਰਕਾਰੀ ਵਕੀਲ ਅਨੁਸਾਰ ਭੱਟ ਨੇ ਉੱਥੇ ਇਕ ਫਿਰਕੂ ਦੰਗੇ ਦੌਰਾਨ 100 ਤੋਂ ਵਧ ਲੋਕਾਂ ਨੂੰ ਹਿਰਾਸਤ 'ਚ ਲਿਆ ਸੀ ਅਤੇ ਇਨ੍ਹਾਂ 'ਚੋਂ ਇਕ ਵਿਅਕਤੀ ਦੀ ਰਿਹਾਅ ਕੀਤੇ ਜਾਣ ਤੋਂ ਬਾਅਦ ਹਸਪਤਾਲ 'ਚ ਮੌਤ ਹੋ ਗਈ ਸੀ।

ਇੰਨਾ ਹੀ ਨਹੀਂ ਭੱਟ ਨੂੰ 2011 'ਚ ਬਿਨਾਂ ਮਨਜ਼ੂਰੀ ਦੇ ਡਿਊਟੀ ਤੋਂ ਨਰਾਦਰ ਰਹਿਣ ਅਤੇ ਸਰਕਾਰੀ ਗੱਡੀਆਂ ਦੀ ਗਲਤ ਵਰਤੋਂ ਕਰਨ ਦੇ ਦੋਸ਼ 'ਚ ਵੀ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਬਾਅਦ 'ਚ ਅਗਸਤ 2015 'ਚ ਉਨ੍ਹਾਂ ਨੂੰ ਬਰਖ਼ਾਸਤ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ 1998 ਦੇ ਨਸ਼ੀਲੇ ਪਦਾਰਥ ਨਾਲ ਜੁੜੇ ਇਕ ਮਾਮਲੇ 'ਚ ਵੀ ਭੱਟ ਗ੍ਰਿਫਤਾਰ ਹੋਏ ਸਨ। ਉਦੋਂ ਸੰਜੀਵ ਭੱਟ ਨੂੰ ਪਾਲਨਪੁਰ 'ਚ ਨਸ਼ੀਲੇ ਪਦਾਰਥਾਂ ਦੀ ਖੇਤੀ ਦੇ ਇਕ ਮਾਮਲੇ 'ਚ 6 ਹੋਰ ਲੋਕਾਂ ਨਾਲ ਗ੍ਰਿਫਤਾਰ ਕੀਤਾ ਗਿਆ ਸੀ। 1998 'ਚ ਸੰਜੀਵ ਭੱਟ ਬਨਾਸਕਾਂਠਾ ਦੇ ਡੀ.ਸੀ.ਪੀ. ਸਨ।


author

DIsha

Content Editor

Related News