ਕੋਰੋਨਾ ਦੀ ਆਫ਼ਤ ਦਰਮਿਆਨ ਮੁੱਖ ਮੰਤਰੀ ਕੇਜਰੀਵਾਲ ਨੇ ਘਰ ''ਚ ਹੀ ਕੀਤਾ ਯੋਗਾ
Sunday, Jun 21, 2020 - 04:59 PM (IST)
ਨਵੀਂ ਦਿੱਲੀ— ਐਤਵਾਰ ਨੂੰ 6ਵਾਂ ਕੌਮਾਂਤਰੀ ਯੋਗਾ ਦਿਵਸ ਮਨਾਇਆ ਗਿਆ। ਕੋਰੋਨਾ ਵਾਇਰਸ ਕਾਰਨ ਜ਼ਿਆਦਾਤਰ ਲੋਕ ਆਪਣੇ -ਆਪਣੇ ਘਰਾਂ ਵਿਚ ਹੀ ਯੋਗਾ ਕਰਦੇ ਹੋਏ ਨਜ਼ਰ ਆਏ। ਕੋਰੋਨਾ ਦੇ ਸਭ ਤੋਂ ਵਧੇਰੇ ਪ੍ਰਭਾਵਿਤ ਸੂਬਿਆਂ 'ਚ ਸ਼ਾਮਲ ਰਾਜਧਾਨੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਯੋਗਾ ਕਰਦੇ ਨਜ਼ਰ ਆਏ। ਕੌਮਾਂਤਰੀ ਯੋਗਾ ਦਿਵਸ ਦੇ ਮੌਕੇ 'ਤੇ ਕੇਜਰੀਵਾਲ ਨੇ ਆਪਣੇ ਘਰ ਵਿਚ ਹੀ ਯੋਗਾ ਆਸਨ ਦਾ ਅਭਿਆਸ ਕੀਤਾ। ਕੇਜਰੀਵਾਲ ਨੇ ਸਵੇਰੇ ਆਪਣੇ ਅਧਿਕਾਰਤ ਆਵਾਸ 'ਤੇ ਯੋਗਾ ਕੀਤਾ।
ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ ਖ਼ਤਰੇ ਕਾਰਨ ਪਿਛਲੇ ਸਾਲ ਦੀ ਤੁਲਨਾ ਵਿਚ ਇਸ ਸਾਲ ਯੋਗਾ ਦਿਵਸ 'ਤੇ ਲੋਕ ਵੱਡੀ ਗਿਣਤੀ ਵਿਚ ਇਕੱਠੇ ਨਹੀਂ ਹੋ ਸਕੇ। ਓਧਰ ਦਿੱਲੀ ਦੇ ਉੱਪ ਰਾਜਪਾਲ ਅਨਿਲ ਬੈਜਲ ਨੇ ਲੋਕਾਂ ਨੂੰ ਕੌਮਾਂਤਰੀ ਯੋਗਾ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਟਵੀਟ ਕੀਤਾ ਕਿ ਕੌਮਾਂਤਰੀ ਯੋਗਾ ਦਿਵਸ ਦੇ ਮੌਕੇ 'ਤੇ ਸਾਰਿਆਂ ਨੂੰ ਦਿਲੋਂ ਵਧਾਈ। ਕੋਵਿਡ-19 ਮਹਾਮਾਰੀ ਨੂੰ ਦੇਖਦਿਆਂ ਆਪਣੇ ਘਰਾਂ ਵਿਚ ਰਹਿ ਕੇ ਪਰਿਵਾਰ ਵਾਲਿਆਂ ਨਾਲ ਯੋਗਾ ਦਾ ਅਭਿਆਸ ਕਰੋ। ਸਮਾਜਿਕ ਦੂਰੀ ਦਾ ਪਾਲਣ ਕਰੋ ਅਤੇ ਸਿਹਤ, ਤਨ ਅਤੇ ਮਨ ਦੇ ਨਿਰਮਾਣ ਦਾ ਸੰਕਲਪ ਲਵੋ।
ਕੇਜਰੀਵਾਲ ਤੋਂ ਇਲਾਵਾ ਲੋਕ ਸਭਾ ਸਪੀਕਰ ਓਮ ਬਿਰਲਾ ਆਪਣੇ ਘਰ 'ਚ ਯੋਗਾ ਕਰਦੇ ਨਜ਼ਰ ਆਏ। ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ, ਰਾਸ਼ਟਰਪਤੀ ਰਾਮਨਾਥ ਕੋਵਿੰਦ ਕੌਮਾਂਤਰੀ ਯੋਗਾ ਦਿਵਸ ਮੌਕੇ ਯੋਗਾ ਕਰਦੇ ਨਜ਼ਰ ਆਏ। ਉੱਥੇ ਹੀ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਵੀ ਆਪਣੇ ਘਰ 'ਚ ਕੁਝ ਲੋਕਾਂ ਨਾਲ ਯੋਗਾ ਕੀਤਾ। ਜੰਗਲਾਤ ਮੰਤਰੀ ਪ੍ਰਕਾਸ਼ ਜਾਵਡੇਕਰ ਵੀ ਯੋਗਾ ਕੀਤਾ।